ਚੰਡੀਗੜ੍ਹ : ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਵਾਰ-ਵਾਰ ਬਣ ਰਹੀ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਹੈ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਨੇ ਉਝ ਦਰਿਆ ’ਤੇ ਢੁੱਕਵੇਂ ਡੈਮ/ਰਿਜ਼ਰਵਾਇਰ ਪ੍ਰਾਜੈਕਟ ਦੀ ਉਸਾਰੀ ਕਰਵਾਉਣ ਦੀ ਮੰਗ ਰੱਖੀ ਹੈ
ਮੰਗ ਪੱਤਰ ਵਿੱਚ ਧਾਲੀਵਾਲ ਨੇ ਕਿਹਾ ਕਿ ਮਾਨਸੂਨ ਦੌਰਾਨ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ, ਖਾਸ ਕਰਕੇ ਅਜਨਾਲਾ ਸਬ-ਡਿਵੀਜ਼ਨ, ਵਿੱਚ ਹੜ੍ਹਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੁਤਾਬਕ ਭਾਰੀ ਮੀਂਹ ਅਤੇ ਦਰਿਆ ਦੇ ਤੇਜ਼ ਵਹਾਅ ਕਾਰਨ ਖੇਤੀਬਾੜੀ ਵਾਲੀ ਜ਼ਮੀਨ, ਫ਼ਸਲਾਂ, ਸੜਕਾਂ, ਡਰੇਨੇਜ ਸਿਸਟਮ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਦਾ ਹੈ
ਧਾਲੀਵਾਲ ਨੇ ਮੰਗ ਪੱਤਰ ਵਿੱਚ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਹਰ ਸਾਲ ਐਮਰਜੈਂਸੀ ਉਪਰਾਲੇ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਦਰਿਆਵਾਂ ਅਤੇ ਡਰੇਨੇਜ ਦੀ ਸਫ਼ਾਈ, ਬੰਨ੍ਹਾਂ ਦੀ ਮਜ਼ਬੂਤੀ, ਬਰੇਚਾਂ ਦੀ ਪਲੱਗਿੰਗ ਅਤੇ ਮਸ਼ੀਨਰੀ ਦੀ ਤਾਇਨਾਤੀ ਆਦਿ ਸ਼ਾਮਲ ਹਨ। ਪਰ ਉਨ੍ਹਾਂ ਅਨੁਸਾਰ ਇਹ ਉਪਰਾਲੇ ਮੁੱਖ ਤੌਰ ’ਤੇ ਅਸਥਾਈ ਹੁੰਦੇ ਹਨ ਅਤੇ ਦਰਿਆ ਦੇ ਬੇਕਾਬੂ ਪਾਣੀ ਦੇ ਵਹਾਅ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਕਰਦੇ
ਇਸ ਲਈ ਉਨ੍ਹਾਂ ਨੇ ਗਵਰਨਰ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਕੋਲ ਉਠਾਇਆ ਜਾਵੇ ਅਤੇ ਉਝ ਦਰਿਆ ’ਤੇ ਢੁੱਕਵੇਂ ਡੈਮ/ਰਿਜ਼ਰਵਾਇਰ ਪ੍ਰਾਜੈਕਟ ਦੀ ਉਸਾਰੀ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ


