ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਜਲੰਧਰ ਵਿੱਚ ਸਨਸਨੀ ਫੈਲ ਗਈ ਹੈ। ਸ਼ਨੀਵਾਰ ਸਵੇਰੇ ਜਲੰਧਰ ਦੇ ਕੁਝ ਨਾਮੀ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲਿਸ ਅਤੇ ਖੁਫੀਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਹਨ। ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ 1 ਫਰਵਰੀ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ
ਈਮੇਲ ਵਿੱਚ ‘ਬਦਲੇ’ ਦਾ ਜ਼ਿਕਰ
ਜਾਣਕਾਰੀ ਅਨੁਸਾਰ, ਇਹ ਧਮਕੀ ਭਰੀ ਈਮੇਲ “ਬਿੱਲੀ ਹਾਲ” ਨਾਮ ਦੇ ਆਈਡੀ ਤੋਂ ਭੇਜਿਆ ਗਈ ਹੈ। ਮੇਲ ਵਿੱਚ ਲਿਖਿਆ ਗਿਆ ਹੈ:
“ਅੱਜ 3-4 ਸਕੂਲਾਂ ਵਿੱਚ ਬੰਬ ਧਮਾਕਾ ਹੋਵੇਗਾ। ਅਸੀਂ ਗੁਰੂ ਰਵਿਦਾਸ ਜੀ ਦਾ ਪੂਰਾ ਸਤਿਕਾਰ ਕਰਦੇ ਹਾਂ, ਪਰ ਮੋਦੀ ਖਾਲਿਸਤਾਨੀਆਂ ਦਾ ਦੁਸ਼ਮਣ ਹੈ। ਨਿੱਝਰ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਸਾਡਾ ਨਿਸ਼ਾਨਾ ਡੇਰਾ ਬੱਲਾਂ ਹੈ।”
ਰਾਹਤ ਦੀ ਗੱਲ ਇਹ ਰਹੀ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਸਬੰਧੀ ਨਿਕਲਣ ਵਾਲੀ ਸ਼ੋਭਾ ਯਾਤਰਾ ਕਾਰਨ ਜਲੰਧਰ ਦੇ ਸਕੂਲਾਂ ਵਿੱਚ ਪਹਿਲਾਂ ਹੀ ਛੁੱਟੀ ਸੀ, ਜਿਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ
ਪ੍ਰਧਾਨ ਮੰਤਰੀ ਦਾ ਮਿੰਟ-ਟੂ-ਮਿੰਟ ਪ੍ਰੋਗਰਾਮ
ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਪੂਰਾ ਵੇਰਵਾ ਸਾਂਝਾ ਨਹੀਂ ਕੀਤਾ, ਪਰ ਸੂਤਰਾਂ ਅਨੁਸਾਰ PM ਮੋਦੀ ਦਾ ਸ਼ਡਿਊਲ ਕੁਝ ਇਸ ਤਰ੍ਹਾਂ ਰਹੇਗਾ:
ਆਮਦ: 1 ਫਰਵਰੀ ਨੂੰ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚਣਗੇ। ਡੇਰੇ ਵਿੱਚ ਲਗਭਗ 40 ਮਿੰਟ ਰੁਕਣ ਦੀ ਯੋਜਨਾ ਹੈ। ਡੇਰਾ ਮੁਖੀ ਸੰਤ ਨਿਰੰਜਣ ਦਾਸ ਜੀ ਨਾਲ 10 ਮਿੰਟ ਦੀ ਨਿੱਜੀ ਮੁਲਾਕਾਤ ਹੋਵੇਗੀ। PM ਮੋਦੀ ਉੱਥੇ ਮੌਜੂਦ ਸੰਗਤ ਨੂੰ 15 ਮਿੰਟ ਲਈ ਸੰਬੋਧਨ ਵੀ ਕਰ ਸਕਦੇ ਹਨ। ਪੰਜਾਬ ਭਾਜਪਾ ਦੀ ਲੀਡਰਸ਼ਿਪ ਨਾਲ 10 ਮਿੰਟ ਦੀ ਸੰਖੇਪ ਮੀਟਿੰਗ ਤੋਂ ਬਾਅਦ ਉਹ ਦਿੱਲੀ ਵਾਪਸ ਪਰਤ ਜਾਣਗੇ
ਸੁਰੱਖਿਆ ਦੇ ਸਖ਼ਤ ਪ੍ਰਬੰਧ: ‘ਨੋ-ਫਲਾਈ ਜ਼ੋਨ’ ਘੋਸ਼ਿਤ
ਧਮਕੀ ਤੋਂ ਬਾਅਦ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਖੁਦ ਜਲੰਧਰ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
SPG ਦੀ ਤਾਇਨਾਤੀ: ਡੇਰਾ ਬੱਲਾਂ ਅਤੇ ਆਸ-ਪਾਸ ਦੇ ਇਲਾਕਿਆਂ ਨੂੰ SPG (Special Protection Group) ਨੇ ਆਪਣੇ ਘੇਰੇ ਵਿੱਚ ਲੈ ਲਿਆ ਹੈ। 30 ਜਨਵਰੀ ਤੋਂ 1 ਫਰਵਰੀ ਤੱਕ ਪੂਰੇ ਜਲੰਧਰ ਜ਼ਿਲ੍ਹੇ ਨੂੰ ‘ਨੋ-ਫਲਾਈ ਜ਼ੋਨ’ ਘੋਸ਼ਿਤ ਕਰ ਦਿੱਤਾ ਹੈ। ਇਸ ਦੌਰਾਨ ਡਰੋਨ, ਰਿਮੋਟ ਪਾਇਲਟ ਏਅਰਕ੍ਰਾਫਟ ਅਤੇ ਨਿੱਜੀ ਹੈਲੀਕਾਪਟਰ ਉਡਾਉਣ ‘ਤੇ ਪੂਰਨ ਪਾਬੰਦੀ ਰਹੇਗੀ, ਪੁਲਿਸ ਦੀਆਂ ਬੰਬ ਨਿਰੋਧਕ ਟੀਮਾਂ ਕੈਂਬਰਿਜ ਸਕੂਲ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਲਗਾਤਾਰ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ

