ਤਰਨਤਾਰਨ ਵਿਖੇ ਹਥਿਆਰਬੰਦ ਲੁੱਟ: ਮਾਂ-ਧੀ ਨੂੰ ਬੰਧਕ ਬਣਾ ਕੇ ਲੱਖਾਂ ਦੇ ਗਹਿਣੇ ਤੇ ਸਾਮਾਨ ਚੋਰੀ

ਤਰਨਤਾਰਨ ਦੇ ਨੇੜਲੇ ਪਿੰਡ ਨੌਰੰਗਾਬਾਦ ਵਿੱਚ ਬੀਤੀ ਰਾਤ ਲੁਟੇਰਿਆਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਾਤ ਵੇਲੇ ਘਰ ਵਿੱਚ ਬਲਜਿੰਦਰ ਕੌਰ, ਉਸਦੀ ਧੀ ਅਮੋਲਦੀਪ ਕੌਰ ਅਤੇ ਇੱਕ ਪੰਜ ਸਾਲ ਦੀ ਬੱਚੀ ਮੌਜੂਦ ਸਨ। ਇਸੇ ਦੌਰਾਨ ਕੁਝ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਪਰਿਵਾਰ ਨੂੰ ਡਰਾਇਆ-ਧਮਕਾਇਆ। ਲੁਟੇਰਿਆਂ ਨੇ ਮਾਂ-ਧੀ ਨੂੰ ਕਮਰੇ ਵਿੱਚ ਇੱਕ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਹਥਿਆਰਬੰਦ ਲੁਟੇਰੇ ਘਰ ਵਿੱਚੋਂ ਕਰੀਬ 20 ਲੱਖ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ, ਜਾਂਦੇ ਹੋਏ ਉਹ ਘਰੋਂ ਇੱਕ ਬੁਲਟ ਮੋਟਰਸਾਈਕਲ, ਰਸੋਈ ਵਾਲਾ ਗੈਸ ਸਿਲੰਡਰ ਅਤੇ ਪਛਾਣ ਛੁਪਾਉਣ ਲਈ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ (DVR) ਵੀ ਆਪਣੇ ਨਾਲ ਲੈ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ-ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀਐਸਪੀ ਹਰਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਡੀਐਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਔਰਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।