ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਵਿੱਚ ਬੀਤੇ ਦਿਨ ਮਾਂ-ਧੀ ਦੇ ਕਤਲ ਅਤੇ ਜਵਾਈ ਰਾਜਦੀਪ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਪਿੰਡ ਵਾਸੀ ਦਹਿਸ਼ਤ ਵਿੱਚ ਹਨ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਦੋਹਰੇ ਕਤਲ ਕਾਂਡ ਦਾ ਭੇਤ ਸੁਲਝਾ ਲਿਆ ਹੈ। ਦਰਅਸਲ ਮਾਂ-ਧੀ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਘਰ ਦਾ ਜਵਾਈ ਰਾਜਦੀਪ ਸਿੰਘ ਹੈ।
ਅਸਲ ‘ਚ ਰਾਜਦੀਪ ਪਤਨੀ ਪਰਮਜੀਤ ਕੌਰ ਦੇ ਨਾਂ ‘ਤੇ ਚੱਲ ਰਹੀ 5 ਏਕੜ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਨ੍ਹਾਂ ਦੇ ਨਾਲ ਰਹਿੰਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਨੂੰ ਲੈ ਕੇ ਉਨ੍ਹਾਂ ਦਾ ਅਕਸਰ ਝਗੜਾ ਰਹਿੰਦਾ ਸੀ। ਰਾਜਦੀਪ ਜ਼ਮੀਨ ਵੇਚਣਾ ਚਾਹੁੰਦਾ ਸੀ। ਉਹ ਨਸ਼ੇ ‘ਚ ਧੁੱਤ ਹੋ ਕੇ ਮਾਂ-ਧੀ ਦੀ ਕੁੱਟਮਾਰ ਕਰਦਾ ਸੀ। ਫਿਲਹਾਲ ਪੁਲਸ ਨੇ ਰਾਜਦੀਪ ਖਿਲਾਫ ਐੱਫ.ਆਈ.ਆਰ ਦਰਜ ਕਰ ਲਈ ਹੈ ਪਰ ਰਾਜਦੀਪ ਦੇ ਜ਼ਖਮੀ ਹੋਣ ਕਾਰਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਪਰਮਜੀਤ ਕੌਰ ਆਪਣੇ ਪਤੀ ਰਾਜਦੀਪ ਸਿੰਘ ਅਤੇ ਮਾਤਾ ਹਰਬੰਸ ਕੌਰ ਨਾਲ ਪਿੰਡ ਸੇਖਾ ਸਥਿਤ ਆਪਣੇ ਘਰ ਸੁੱਤੀ ਹੋਈ ਸੀ। ਕਰੀਬ 8 ਵਿਅਕਤੀ ਉਸ ਦੇ ਘਰ ‘ਚ ਦਾਖਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਜਾਣ ਤੋਂ ਬਾਅਦ ਰਾਜਦੀਪ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
