ਹੁਣ QR ਕੋਡ ਤੇ UPI ਨਾਲ ਬੱਸ ਚ’ ਮਿਲੇਗੀ ਟਿਕਟ; GPS ਰਾਹੀਂ ਹੋਵੇਗੀ ਬੱਸਾਂ ਦੀ ਲਾਈਵ ਟ੍ਰੈਕਿੰਗ

ਚੰਡੀਗੜ੍ਹ: ਮਾਨ ਸਰਕਾਰ ਨੇ ਸੂਬੇ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਲੀਹਾਂ ‘ਤੇ ਪਾਉਣ ਲਈ ਇੱਕ ਇਤਿਹਾਸਕ ਫੈਸਲਾ ਲਿਆ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਨੇ ਸਰਕਾਰੀ ਬੱਸਾਂ ਲਈ ਡਿਜੀਟਲ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ (ETMs) ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਕਦਮ ਨਾਲ ਹੁਣ ਪੰਜਾਬ ਰੋਡਵੇਜ਼ ਅਤੇ PRTC ਦੀਆਂ ਬੱਸਾਂ ਵਿੱਚ ਸਫ਼ਰ ਕਰਨਾ ਪਹਿਲਾਂ ਨਾਲੋਂ ਕਿਤੇ ਵੱਧ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗਾ

ਕੈਸ਼ਲੈੱਸ ਸਫ਼ਰ ਅਤੇ ਭੁਗਤਾਨ ਦੇ ਕਈ ਬਦਲ
ਨਵੀਂ ਪ੍ਰਣਾਲੀ ਲਾਗੂ ਹੋਣ ਨਾਲ ਯਾਤਰੀਆਂ ਨੂੰ ਹੁਣ ਜੇਬ ਵਿੱਚ ਨਕਦੀ ਜਾਂ ਭਾਨ ਰੱਖਣ ਦੀ ਲੋੜ ਨਹੀਂ ਪਵੇਗੀ। ਯਾਤਰੀ ਹੇਠ ਲਿਖੇ ਤਰੀਕਿਆਂ ਨਾਲ ਆਪਣੀ ਟਿਕਟ ਦਾ ਭੁਗਤਾਨ ਕਰ ਸਕਣਗੇ:

QR ਕੋਡ ਅਤੇ UPI: ਗੂਗਲ-ਪੇਅ, ਪੇਟੀਐਮ ਜਾਂ ਕਿਸੇ ਵੀ UPI ਐਪ ਰਾਹੀਂ

ਕਾਰਡ ਭੁਗਤਾਨ: ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ

ਆਫਲਾਈਨ ਮੋਡ: ਬਿਨਾਂ ਇੰਟਰਨੈੱਟ ਦੇ ਵੀ ਟਿਕਟ ਲੈਣ ਦੀ ਸਹੂਲਤ

GPS ਨਾਲ ਲੈਸ ਹੋਣਗੀਆਂ ਮਸ਼ੀਨਾਂ: ਮਿਲੇਗੀ ਲਾਈਵ ਲੋਕੇਸ਼ਨ
ਇਹ ਮਸ਼ੀਨਾਂ ਕੇਵਲ ਟਿਕਟ ਕੱਟਣ ਤੱਕ ਸੀਮਿਤ ਨਹੀਂ ਰਹਿਣਗੀਆਂ, ਬਲਕਿ ਇਹ GPS ਸਿਸਟਮ ਨਾਲ ਲੈਸ ਹੋਣਗੀਆਂ। ਇਸ ਨਾਲ ਯਾਤਰੀਆਂ ਨੂੰ ਇਹ ਫਾਇਦੇ ਹੋਣਗੇ:

ਲਾਈਵ ਟ੍ਰੈਕਿੰਗ: ਯਾਤਰੀ ਦੇਖ ਸਕਣਗੇ ਕਿ ਬੱਸ ਇਸ ਵੇਲੇ ਕਿੱਥੇ ਹੈ

ਸੀਟਾਂ ਦੀ ਜਾਣਕਾਰੀ: ਬੱਸ ਵਿੱਚ ਕਿੰਨੀਆਂ ਸੀਟਾਂ ਖਾਲੀ ਹਨ, ਇਸ ਦੀ ਜਾਣਕਾਰੀ ਪਹਿਲਾਂ ਹੀ ਮਿਲ ਜਾਵੇਗੀ

ਬੱਸ ਸਟਾਪ ਅਲਰਟ: ਨੇੜਲੇ ਬੱਸ ਸਟੈਂਡਾਂ ਅਤੇ ਰੂਟਾਂ ਬਾਰੇ ਅਸਲ-ਸਮੇਂ (Real-time) ਦੀ ਜਾਣਕਾਰੀ ਮਿਲੇਗੀ

ਔਰਤਾਂ ਅਤੇ ਵਿਦਿਆਰਥੀਆਂ ਲਈ ਸਮਾਰਟ ਕਾਰਡ :
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮੁਫ਼ਤ ਸਫ਼ਰ ਦੀਆਂ ਸਹੂਲਤਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ l ਔਰਤਾਂ ਨੂੰ ਵਿਸ਼ੇਸ਼ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ, ਜਿਸ ਨਾਲ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਮੁਫ਼ਤ ਯਾਤਰਾ ਦੀ ਸਹੂਲਤ ਦਾ ਲਾਭ ਲੈ ਸਕਣਗੀਆਂ

ਵਿਦਿਆਰਥੀ: ਵਿਦਿਆਰਥੀਆਂ ਨੂੰ ਵੀ ਸਮਾਰਟ ਕਾਰਡ ਮਿਲਣਗੇ, ਜਿਨ੍ਹਾਂ ਨੂੰ ਉਹ ਮੋਬਾਈਲ ਐਪ ਰਾਹੀਂ ਆਨਲਾਈਨ ਰੀਚਾਰਜ ਕਰਵਾ ਸਕਣਗੇ।

ਪਾਰਦਰਸ਼ਤਾ ਅਤੇ ਮਾਲੀਏ ਵਿੱਚ ਹੋਵੇਗਾ ਵਾਧਾ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਡਿਜੀਟਲ ਪ੍ਰਣਾਲੀ ਨਾਲ ਵਿਭਾਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਆਵੇਗੀ। ਟਿਕਟਾਂ ਦੀ ਵਿਕਰੀ ਦਾ ਸਾਰਾ ਡੇਟਾ ਮੁੱਖ ਦਫ਼ਤਰ ਕੋਲ ਲਾਈਵ ਹੋਵੇਗਾ, ਜਿਸ ਨਾਲ ਚੋਰੀ ਦੀ ਗੁੰਜਾਇਸ਼ ਖ਼ਤਮ ਹੋਵੇਗੀ ਅਤੇ ਸਰਕਾਰੀ ਖ਼ਜ਼ਾਨੇ (ਮਾਲੀਏ) ਵਿੱਚ ਵਾਧਾ ਹੋਵੇਗਾ।

ਇਹ ਨਵਾਂ ਕਦਮ ਪੰਜਾਬ ਨੂੰ ‘ਸਮਾਰਟ ਸਟੇਟ’ ਬਣਾਉਣ ਵੱਲ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਅਤੇ ਆਮ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਲਈ ਵੀ ਸਫ਼ਰ ਨੂੰ ਸੁਖਾਲਾ ਬਣਾਏਗਾ

#googlenews #punjabroadwaysbus #Punjabroadways #Buses #Punjabnews #googletrendingnews #trendingnews #cmbhagwantmann