ਲੁਧਿਆਣਾ : ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਅੱਜ ਮੌਸਮ ਨੇ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤੇਜ਼ ਧੁੱਪ ਅਤੇ ਵਧਦੇ ਤਾਪਮਾਨ ਨਾਲ ਜੂਝ ਰਹੇ ਲੋਕਾਂ ਨੂੰ ਐਤਵਾਰ ਸਵੇਰੇ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਅਸਮਾਨ ਵਿੱਚ ਕਾਲੇ ਬੱਦਲਾਂ ਨੇ ਡੇਰਾ ਜਮਾ ਲਿਆ ਅਤੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣਾ ਸ਼ੁਰੂ ਹੋ ਗਿਆ
ਪੱਛਮੀ ਗੜਬੜੀ (Western Disturbance) ਹੋਈ ਸਰਗਰਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਸਾਬਕਾ ਵਿਗਿਆਨੀ ਡਾ. ਜੀ.ਐੱਸ. ਰੋਮਾਣਾ ਅਨੁਸਾਰ, ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਆਉਣ ਵਾਲੇ 8 ਤੋਂ 10 ਦਿਨਾਂ ਤੱਕ ਮੌਸਮ ਖ਼ੁਸ਼ਗਵਾਰ ਬਣਿਆ ਰਹੇਗਾ। ਖਾਸ ਕਰਕੇ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ
IMD ਦੀ ਭਵਿੱਖਬਾਣੀ: ਕਿੱਥੇ-ਕਿੱਥੇ ਪਵੇਗਾ ਮੀਂਹ?
ਭਾਰਤੀ ਮੌਸਮ ਵਿਭਾਗ (IMD) ਨੇ 15 ਤੋਂ 20 ਮਾਰਚ ਦੇ ਵਿਚਕਾਰ ਉੱਤਰੀ ਭਾਰਤ ਲਈ ਅਹਿਮ ਚਿਤਾਵਨੀ ਜਾਰੀ ਕੀਤੀ ਹੈ:
ਪਹਾੜੀ ਇਲਾਕੇ: ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਮੈਦਾਨੀ ਇਲਾਕੇ: ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਦੇ ਨਾਲ ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ।
ਨਵੀਂ ਪ੍ਰਣਾਲੀ: 17 ਮਾਰਚ ਦੀ ਰਾਤ ਤੋਂ ਇੱਕ ਹੋਰ ਨਵੀਂ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜੋ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਦੀ ਗਤੀਵਿਧੀ ਨੂੰ ਹੋਰ ਤੇਜ਼ ਕਰੇਗੀ
ਦੇਸ਼ ਭਰ ਦਾ ਹਾਲ
ਸਿਰਫ਼ ਉੱਤਰੀ ਭਾਰਤ ਹੀ ਨਹੀਂ, ਸਗੋਂ ਮੱਧ ਅਤੇ ਪੂਰਬੀ ਭਾਰਤ ਵਿੱਚ ਵੀ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਉਮੀਦ ਹੈ। ਉੱਤਰ-ਪੂਰਬੀ ਰਾਜਾਂ ਵਿੱਚ ਅਗਲੇ 5-6 ਦਿਨਾਂ ਲਈ ਭਾਰੀ ਬਾਰਿਸ਼ ਦਾ ‘ਅਲਰਟ’ ਜਾਰੀ ਕੀਤਾ ਗਿਆ ਹੈ, ਜਦਕਿ ਦੱਖਣੀ ਭਾਰਤ ਵਿੱਚ ਖਿੰਡੇ-ਪੁੰਡੇ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੀ ਸਲਾਹ: ਤੇਜ਼ ਹਵਾਵਾਂ ਅਤੇ ਬਿਜਲੀ ਗਰਜਣ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਗਈ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਮੀਂਹ ਫਿਲਹਾਲ ਗਰਮੀ ਤੋਂ ਰਾਹਤ ਦੇਵੇਗਾ, ਪਰ ਤੇਜ਼ ਹਵਾਵਾਂ ਫਸਲਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਹਨ
ਮੌਸਮ ਦੀ ਰਿਪੋਰਟ: ਪੰਜਾਬ
ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗ਼ੈਰ-ਮੌਸਮੀ ਗਰਮੀ ਤੋਂ ਰਾਹਤ ਮਿਲੀ ਹੈ। ਆਉਣ ਵਾਲੇ ਕੁਝ ਦਿਨਾਂ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਸਮੇਤ ਸੂਬੇ ਦੇ ਕਈ ਹਿੱਸਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ
