ਕਰੰਟ ਲੱਗਣ ਨਾਲ ਪੰਜਾਬ ਯੂਨੀਵਰਸਿਟੀ ਦੀ PhD ਵਿਦਿਆਰਥਣ ਦੀ ਮੌਤ

ਚੰਡੀਗੜ੍ਹ: ਭਾਰੀ ਮੀਂਹ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਇੱਕ PhD ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜੋਤੀ ਵਜੋਂ ਹੋਈ ਹੈ, ਜੋ ਪੰਜਾਬ ਯੂਨੀਵਰਸਿਟੀ ਵਿੱਚ ਡਾਕਟਰੇਟ ਦੀ ਪੜ੍ਹਾਈ ਕਰ ਰਹੀ ਸੀ

ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਤੇਜ਼ ਮੀਂਹ ਪੈ ਰਿਹਾ ਸੀ। ਇਸ ਦੌਰਾਨ ਜੋਤੀ ਸੜਕ ਤੋਂ ਲੰਘ ਰਹੀ ਸੀ ਤਾਂ ਉਹ ਇੱਕ ਬਿਜਲੀ ਦੇ ਖੰਭੇ ਦੇ ਸੰਪਰਕ ਵਿੱਚ ਆ ਗਈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਭਰਨ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਖੰਭੇ ਵਿੱਚ ਕਰੰਟ ਆ ਗਿਆ ਸੀ

ਕਰੰਟ ਲੱਗਣ ਤੋਂ ਬਾਅਦ ਜੋਤੀ ਮੌਕੇ ‘ਤੇ ਹੀ ਡਿੱਗ ਗਈ। ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਉਸਦੀ ਮਦਦ ਕੀਤੀ ਅਤੇ ਉਸਨੂੰ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ

ਇਸ ਘਟਨਾ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਯੂਨੀਵਰਸਿਟੀ ਭਾਈਚਾਰੇ ਨੇ ਨੌਜਵਾਨ ਖੋਜ ਵਿਦਿਆਰਥਣ ਦੀ ਅਚਾਨਕ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ