ਨਿਊਯਾਰਕ ਦੇ ਮਸ਼ਹੂਰ ‘ਸੈਂਟਰਲ ਪਾਰਕ’ (Central Park) ਤੋਂ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਰਿਵਾਰ ਨਾਲ ਪਹਿਲੀ ਵਾਰ ਅਮਰੀਕਾ ਘੁੰਮਣ ਗਏ ਪੰਜਾਬ ਦੇ ਪਠਾਨਕੋਟ ਦੇ ਇੱਕ 18 ਸਾਲਾ ਨੌਜਵਾਨ ਦੀ ਘੋੜਾ-ਗੱਡੀ (ਬੱਗੀ) ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਮੰਚ ਮਹਾਜਨ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਜਿੱਥੇ ਨਿਊਯਾਰਕ ਵਿੱਚ ਮੌਜੂਦ ਪਰਿਵਾਰ ਸਦਮੇ ਵਿੱਚ ਹੈ, ਉੱਥੇ ਹੀ ਪਠਾਨਕੋਟ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ
ਸੈਲਫੀ ਲੈਂਦੇ ਸਮੇਂ ਬੇਕਾਬੂ ਹੋਈ ਬੱਗੀ
ਮਿਲੀ ਜਾਣਕਾਰੀ ਅਨੁਸਾਰ, ਰੋਮੰਚ ਮਹਾਜਨ ਅਜੇ ਚਾਰ ਦਿਨ ਪਹਿਲਾਂ ਹੀ ਆਪਣੇ ਮਾਤਾ-ਪਿਤਾ ਨਾਲ ਪਹਿਲੀ ਵਾਰ ਨਿਊਯਾਰਕ ਆਇਆ ਸੀ। ਪਰਿਵਾਰ ਸੈਂਟਰਲ ਪਾਰਕ ਵਿਖੇ ਘੋੜਾ-ਗੱਡੀ (ਹॉਰਸ ਕੈਰੇਜ) ਦੀ ਸਵਾਰੀ ਦਾ ਆਨੰਦ ਲੈ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਸਵਾਰੀ ਦੌਰਾਨ ਜਦੋਂ ਘੋੜਾ-ਗੱਡੀ ਦਾ ਚਾਲਕ (ਡਰਾਈਵਰ) ਦੂਜੇ ਮੁਸਾਫ਼ਰਾਂ ਦੀਆਂ ਤਸਵੀਰਾਂ ਅਤੇ ਸੈਲਫੀ ਲੈਣ ਲੱਗਾ, ਤਾਂ ਅਚਾਨਕ ਘੋੜਾ ਬੇਕਾਬੂ ਹੋ ਕੇ ਤੇਜ਼ ਦੌੜਨ ਲੱਗ ਪਿਆ। ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਅਚਾਨਕ ਪਲਟ ਗਈ, ਜਿਸ ਕਾਰਨ ਗੱਡੀ ਵਿੱਚ ਸਵਾਰ ਰੋਮੰਚ ਦੇ ਸਿਰ ‘ਤੇ ਗੰਭੀਰ ਚੋਟਾਂ ਲੱਗੀਆਂ
ਹਾਦਸਾ ਹੁੰਦੇ ਹੀ ਆਸ-ਪਾਸ ਖੜ੍ਹੇ ਲੋਕ ਤੁਰੰਤ ਮਦਦ ਲਈ ਅੱਗੇ ਆਏ ਅਤੇ ਗੰਭੀਰ ਜ਼ਖਮੀ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਇਲਾਜ ਦੌਰਾਨ ਰੋਮੰਚ ਦੀ ਮੌਤ ਹੋ ਗਈ। ਇਸ ਹਾਦਸੇ ਵੇਲੇ ਉਸ ਦੇ ਮਾਤਾ-ਪਿਤਾ ਵੀ ਗੱਡੀ ਵਿੱਚ ਹੀ ਸਵਾਰ ਸਨ।
ਪਠਾਨਕੋਟ ਦੇ ਨਾਮਵਰ ਕਾਰੋਬਾਰੀ ਪਰਿਵਾਰ ਨਾਲ ਸਬੰਧਤ
ਮ੍ਰਿਤਕ ਰੋਮੰਚ ਦੇ ਪਿਤਾ ਦੀਪਕ ਮਹਾਜਨ ਪਠਾਨਕੋਟ ਦੇ ਜਾਣੇ-ਪਛਾਣੇ ਕਾਰੋਬਾਰੀ ਹਨ ਅਤੇ ਉੱਥੇ ਇੱਕ ਟ੍ਰੈਵਲ ਏਜੰਸੀ ਚਲਾਉਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਪਰਿਵਾਰ ਹੋਟਲ ਅਤੇ ਜਿਊਲਰੀ (ਸੋਨੇ-ਚਾਂਦੀ) ਦੇ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ। ਇਕਲੌਤੇ ਨੌਜਵਾਨ ਪੁੱਤਰ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਡਰਾਈਵਰ ਮੁਅੱਤਲ, ਘੋੜੇ ਨੂੰ ਵੀ ਕੰਮ ਤੋਂ ਹਟਾਇਆ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਬੱਗੀ ਦੇ ਮਾਲਕ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਬੱਗੀ ਮਾਲਕ ਨੇ ਡਰਾਈਵਰ ਨੂੰ ਨੌਕਰੀ ਤੋਂ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਾਦਸੇ ਵਿੱਚ ਸ਼ਾਮਲ ‘ਸੈਮਸਨ’ ਨਾਮ ਦੇ 7 ਸਾਲਾ ਘੋੜੇ ਨੂੰ ਵੀ ਇਸ ਕੰਮ ਤੋਂ ਹਟਾ ਦਿੱਤਾ ਗਿਆ ਹੈ। ਸਥਾਨਕ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ