ਸ਼ਰਮਸ਼ਾਰ, ਨਸ਼ਾ ਕਰਨ ਤੋ ਰੋਕਦਾ ਸੀ ਪਿਤਾ, ਨਸ਼ੇੜੀ ਪੁੱਤਾਂ ਨੇ ਕੀਤਾ ਕਤਲ,

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਤੋਂ ਇੱਕ ਦੁੱਖਦਾਇਕ ਖਬਰ ਮਿਲੀ ਹੈ। ਦੱਸ ਦਈਏ ਕਿ ਇੱਥੇ ਰਿਸ਼ਤਿਆ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ  ਸਾਹਮਣੇ ਆਈ ਹੈ, ਜਿੱਥੇ ਖੂਨ ਦਾ ਰਿਸ਼ਤਾ ਉਦੋਂ ਤਾਰ-ਤਾਰ ਹੋ ਗਿਆ ਜਦੋਂ ਨਸ਼ੇੜੀ ਪੁੱਤਾਂ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਕ ਪਿਤਾ ਨੇ ਆਪਣੇ ਦੋ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਦੋਵੇਂ ਪੁੱਤਰਾਂ ਨੇ ਗੁੱਸੇ ਵਿੱਚ ਆ ਕੇ ਕੁਹਾੜੀ ਅਤੇ ਹਥੌੜੇ ਨਾਲ ਪਿਤਾ ਦਾ ਕਤਲ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੀ ਛੋਟੀ ਬੇਟੀ ਦੇ ਬਿਆਨਾਂ ਦੇ ਆਧਾਰ ‘ਤੇ ਦੋਵਾਂ ਪੁੱਤਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਇੱਕ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ 65 ਸਾਲਾ ਰਾਮ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਸਿੰਘ ਉਸ ਦੇ ਦੋਵੇਂ ਪੁੱਤਰਾਂ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ ਅਤੇ ਦੋਵੇਂ ਮੁਲਜ਼ਮ ਉਨ੍ਹਾਂ ਦੇ ਪਿਤਾ ਨੂੰ ਗਾਲ੍ਹਾਂ ਕੱਢਦੇ ਅਤੇ ਕੁੱਟਮਾਰ ਕਰਦੇ ਸਨ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਅਮਰ ਸਿੰਘ ਖ਼ੁਦ ਜ਼ਖ਼ਮੀ ਹੋਣ ਕਾਰਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ। ਸਰਕਾਰੀ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।