CM ਭਗਵੰਤ ਮਾਨ 4 ਦਿਨਾਂ ਲਈ ਕਰਨਗੇ ਪੰਜਾਬ ਚ’ ‘ਸ਼ੁਕਰਾਨਾ ਯਾਤਰਾ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਮਈ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ‘ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਲਈ ਬਣਾਏ ਗਏ ਨਵੇਂ ਇਤਿਹਾਸਕ ਕਾਨੂੰਨ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026’ ਦੇ ਸ਼ੁਕਰਾਨੇ ਵਜੋਂ ਲਿਆ ਗਿਆ ਹੈ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਵੱਖ-ਵੱਖ ਤਖ਼ਤ ਸਾਹਿਬਾਨਾਂ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਓਟ-ਆਸਰਾ ਅਤੇ ਆਸ਼ੀਰਵਾਦ ਲੈਣਗੇ

ਯਾਤਰਾ ਦਾ ਮੁਕੰਮਲ ਪ੍ਰੋਗਰਾਮ
ਮੁੱਖ ਮੰਤਰੀ ਦੀ ਇਹ ਵਿਸ਼ੇਸ਼ ਸ਼ੁਕਰਾਨਾ ਯਾਤਰਾ ਚਾਰ ਦਿਨਾਂ ਤੱਕ ਚੱਲੇਗੀ, ਜਿਸ ਦਾ ਰੂਟ ਅਤੇ ਵੇਰਵਾ ਇਸ ਪ੍ਰਕਾਰ ਤੈਅ ਕੀਤਾ ਗਿਆ ਹੈ:

  • 5 ਮਈ: ਯਾਤਰਾ ਦਾ ਸ਼ਾਨਦਾਰ ਆਗਾਜ਼ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗਾ। ਇਸੇ ਦਿਨ ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।
  • 6 ਮਈ: ਯਾਤਰਾ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਪੁੱਜੇਗੀ
  • 7 ਮਈ: ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਇਹ ਯਾਤਰਾ ਮਸਤੂਆਣਾ ਸਾਹਿਬ ਵਿਖੇ ਪਹੁੰਚੇਗੀ।
  • 8 ਮਈ: ਯਾਤਰਾ ਦਾ ਆਖਰੀ ਪੜਾਅ ਪਟਿਆਲਾ ਵਿਖੇ ਹੋਵੇਗਾ, ਜਿੱਥੇ ਮੁੱਖ ਮੰਤਰੀ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣਗੇ

ਸੰਗਤਾਂ ਦੇ ਰੂ-ਬਰੂ ਹੋਣਗੇ ਮੁੱਖ ਮੰਤਰੀ
ਇਸ ਯਾਤਰਾ ਦਾ ਮੁੱਖ ਉਦੇਸ਼ ਸੂਬੇ ਵਿੱਚ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਬਹਾਲ ਕਰਨਾ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਜਾਣਕਾਰੀ ਅਨੁਸਾਰ, ਯਾਤਰਾ ਦੇ ਰਸਤੇ ਵਿੱਚ ਆਉਣ ਵਾਲੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸੰਗਤਾਂ ਦੇ ਰੂ-ਬਰੂ ਹੋਣਗੇ। ਇਸ ਦੌਰਾਨ ਉਹ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਸਰਕਾਰ ਦੇ ਇਸ ਇਤਿਹਾਸਕ ਕਦਮ ਬਾਰੇ ਜਾਣਕਾਰੀ ਦੇਣਗੇ।

ਸਰਕਾਰ ਦੇ ਇਸ ਫੈਸਲੇ ਨੂੰ ਸੂਬੇ ਵਿੱਚ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਉਪਰਾਲੇ ਵਜੋਂ ਦੇਖਿਆ ਜਾ ਰਿਹਾ ਹੈ

#BhagwantMann #ShukranaYatra #PunjabNews #SatkarAct2026 #PunjabGovernment #AAP