ਤਰਨਤਾਰਨ ਪੁਲਿਸ ਨੇ ਭਿੱਖੀਵਿੰਡ ਨੇੜੇ ਇੱਕ ਸੇਵਾਮੁਕਤ ਫੌਜੀ ਨੂੰ ISI ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਏਜੰਟਾਂ ਨਾਲ ਸੰਪਰਕ ਕਰਕੇ ਭਾਰਤੀ ਫੌਜ ਦੀਆਂ ਕਾਰਵਾਈਆਂ ਨਾਲ ਸਬੰਧਤ ਖੁਫੀਆ ਜਾਣਕਾਰੀ, ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ ਅਤੇ ਨਕਸ਼ੇ ਪਾਕਿਸਤਾਨੀ ਏਜੰਸੀਆਂ ਨੂੰ ਮੁਹੱਈਆ ਕਰਵਾ ਰਿਹਾ ਸੀ। ਪੁਲਿਸ ਨੇ ਮੁਲਜ਼ਮ (ਸੇਵਾਮੁਕਤ ਫੌਜੀ) ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦਾ ਫੋਨ ਜਾਂਚ ਲਈ ਟੈਕਨੀਕਲ ਸੈੱਲ ਨੂੰ ਭੇਜ ਦਿੱਤਾ ਹੈ।
ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੰਬੇ ਸਮੇਂ ਤੋਂ ਵਟਸਐਪ ਰਾਹੀਂ ਖੁਫੀਆ ਏਜੰਸੀਆਂ ਨਾਲ ਸੰਪਰਕ ਕਰ ਰਿਹਾ ਸੀ ਅਤੇ ਭਾਰਤੀ ਫੌਜ ਦੀਆਂ ਕਾਰਵਾਈਆਂ ਨਾਲ ਸਬੰਧਤ ਖੁਫੀਆ ਜਾਣਕਾਰੀ ਭੇਜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ‘ਤੇ ਸਬ-ਇੰਸਪੈਕਟਰ ਬਲਬੀਰ ਸਿੰਘ ਦੀ ਅਗਵਾਈ ‘ਚ ਤਿਆਰ ਕੀਤੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕਰ ਕੇ ਅਮਰਬੀਰ ਸਿੰਘ ਤੋਤਾ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਬਰਾਮਦ ਹੋਏ ਮੋਬਾਈਲ ਦੀ ਜਾਂਚ ਕੀਤੀ ਜਾ ਰਹੀ ਹੈ।