ਜਲੰਧਰ-ਮੋਗਾ ਰਾਸ਼ਟਰੀ ਮਾਰਗ ‘ਤੇ ਪੈਂਦੇ ਲੱਦਰਾ ਅੱਡਾ ਨੇੜੇ ਬੀਤੀ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਇੱਕ ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਜਾਨ ਚਲੀ ਗਈ, ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਤਿੰਨੋਂ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਕਬੱਡੀ ਦੇ ਖਿਡਾਰੀ ਸਨ।
ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਨੌਜਵਾਨ ਮਲਸੀਆਂ ਵਾਲੇ ਪਾਸੇ ਤੋਂ ਇੱਕੋ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਲੱਦਰਾ ਅੱਡਾ ਦੇ ਕੋਲ ਤੂੜੀ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਖੜੀ ਸੀ। ਡਰਾਈਵਰ ਨੇ ਅਚਾਨਕ ਪਿੱਛੇ ਦੇਖੇ ਬਿਨਾਂ ਹੀ ਟਰੈਕਟਰ ਸੜਕ ‘ਤੇ ਚਾੜ੍ਹ ਦਿੱਤਾ, ਜਿਸ ਕਾਰਨ ਮੋਟਰਸਾਈਕਲ ਸਿੱਧਾ ਤੂੜੀ ਦੀਆਂ ਗੱਠਾਂ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਨੌਜਵਾਨ ਸੜਕ ‘ਤੇ ਡਿੱਗ ਗਏ ਅਤੇ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਟਰਾਲੀ ਨੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੀ ਪਛਾਣ 16 ਸਾਲਾ ਹਰਜੋਤ ਸਿੰਘ (ਪਿੰਡ ਪੰਧੇਰਾ) ਅਤੇ 23 ਸਾਲਾ ਗੁਰਦੀਪ ਸਿੰਘ ਦੀਪਾ (ਪਿੰਡ ਖਾਨਪੁਰ ਢੱਡਾ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਸਿੰਘ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਦੋਂ ਕਿ ਗੁਰਦੀਪ ਸਿੰਘ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਯੂ.ਕੇ. (ਵਿਦੇਸ਼) ਜਾਣ ਵਾਲਾ ਸੀ। ਇਸ ਹਾਦਸੇ ਵਿੱਚ ਜ਼ਖਮੀ ਹੋਏ ਉਨ੍ਹਾਂ ਦੇ ਤੀਜੇ ਸਾਥੀ 17 ਸਾਲਾ ਹਰਦੀਪ ਸਿੰਘ (ਪਿੰਡ ਬਿੱਲਾ ਚੋਅ) ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਟਰੈਕਟਰ ਚਾਲਕ ਨੂੰ ਉੱਥੇ ਮੌਜੂਦ ਸਥਾਨਕ ਲੋਕਾਂ ਨੇ ਪਿੱਛਾ ਕਰਕੇ ਦਬੋਚ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਸਦਰ ਥਾਣੇ ਦੇ ਐੱਸ.ਐੱਚ.ਓ. ਪਰਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੋਸ਼ੀ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਹਲਕਾ ਵਿਧਾਇਕ ਇੰਦਰਜੀਤ ਕੌਰ ਤੁਰੰਤ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।