ਯਮਰਾਜ ਨਹੀਂ, ਕੋਈ ਹੋਰ ਹੀ ਲੈਣ ਆਉਂਦਾ ਹੈ! ਜਾਣੋ ਮਰਨ ਤੋਂ ਪਹਿਲਾਂ ਇਨਸਾਨ ਨੂੰ ਕੀ ਦਿਖਦਾ ਹੈ”

ਮੌਤ ਹਮੇਸ਼ਾ ਤੋਂ ਇੱਕ ਅਣਸੁਝੀ ਪਹੇਲੀ ਰਹੀ ਹੈ, ਪਰ ਹਾਲ ਹੀ ਵਿੱਚ ਇੰਗਲੈਂਡ ਦੀ ਇੱਕ ਹਾਸਪਾਈਸ ਨਰਸ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੇ ਅੰਤਿਮ ਪਲਾਂ ਤੋਂ ਪਰਦਾ ਹਟਾਇਆ ਹੈ। ਉਸਦੇ ਤਜ਼ਰਬੇ ਦੱਸਦੇ ਹਨ ਕਿ ਜਦੋਂ ਕੋਈ ਇਨਸਾਨ ਆਪਣੀਆਂ ਆਖਰੀ ਸਾਹਾਂ ਗਿਣ ਰਿਹਾ ਹੁੰਦਾ ਹੈ, ਤਾਂ ਉਸ ਨੂੰ ਡਰ ਨਹੀਂ, ਸਗੋਂ ਇੱਕ ਅਜੀਬ ਜਿਹੀ ਸਕੂਨ ਭਰੀ ਦੁਨੀਆ ਦਿਖਾਈ ਦਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਪਲਾਂ ਵਿੱਚ ਮਰੀਜ਼ ਕਿਸੇ ਡਰਾਉਣੇ ਸਾਏ ਨੂੰ ਨਹੀਂ, ਬਲਕਿ ਆਪਣੇ ਉਨ੍ਹਾਂ ਪਿਆਰਿਆਂ ਨੂੰ ਦੇਖਦੇ ਹਨ ਜੋ ਦੁਨੀਆ ਤੋਂ ਪਹਿਲਾਂ ਹੀ ਰੁਖ਼ਸਤ ਹੋ ਚੁੱਕੇ ਹਨ।

ਮੌਤ ਦੇ ਬਿਸਤਰੇ ਤੇ ਮੁਲਾਕਾਤਾਂਦਾ ਸਿਲਸਿਲਾ

ਨਰਸ ਅਨੁਸਾਰ, ‘ਐਕਟਿਵ ਡਾਈਂਗ’ (ਮੌਤ ਦੇ ਬੇਹੱਦ ਕਰੀਬੀ ਪੜਾਅ) ਵਿੱਚ ਮਰੀਜ਼ ਅਕਸਰ ਅਜਿਹੇ ਲੋਕਾਂ ਦੇ ਨਾਮ ਬੁੜਬੁੜਾਉਂਦੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ। ਇਹ ਕੋਈ ਇਕ-ਦੁੱਕਾ ਘਟਨਾ ਨਹੀਂ, ਸਗੋਂ ਤਕਰੀਬਨ 50 ਤੋਂ 60 ਫ਼ੀਸਦੀ ਮਾਮਲਿਆਂ ਵਿੱਚ ਦੇਖਿਆ ਜਾਂਦਾ ਹੈ। ਕਈ ਮਰੀਜ਼ ਆਪਣੇ ਮਰ ਚੁੱਕੇ ਮਾਤਾ-ਪਿਤਾ ਜਾਂ ਦੋਸਤਾਂ ਨੂੰ ਕਮਰੇ ਦੇ ਕੋਨਿਆਂ ਵਿੱਚ ਖੜ੍ਹੇ ਦੇਖਦੇ ਹਨ। ਉਹ ਉਨ੍ਹਾਂ ਨਾਲ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਵੀ ਕਰਦੇ ਹਨ।

ਸਿਰਫ਼ ਇਨਸਾਨ ਹੀ ਨਹੀਂ, ਮਰੀਜ਼ਾਂ ਨੂੰ ਆਪਣੇ ਉਹ ਪਾਲਤੂ ਕੁੱਤੇ ਜਾਂ ਬਿੱਲੀਆਂ ਵੀ ਨਜ਼ਰ ਆਉਂਦੀਆਂ ਹਨ ਜੋ ਸਾਲਾਂ ਪਹਿਲਾਂ ਮਰ ਚੁੱਕੇ ਹੁੰਦੇ ਹਨ। ਇੱਕ ਮਾਮਲੇ ਵਿੱਚ, ਇੱਕ ਬਜ਼ੁਰਗ ਔਰਤ ਆਪਣੀ ਮ੍ਰਿਤਕ ਬਿੱਲੀ ਨੂੰ ਪਲੋਸ ਰਹੀ ਸੀ, ਜਿਵੇਂ ਉਹ ਅਸਲ ਵਿੱਚ ਉੱਥੇ ਮੌਜੂਦ ਹੋਵੇ।

ਡੈਥਬੈੱਡ ਵਿਜ਼ਨ (Deathbed Visions): ਇੱਕ ਸਕੂਨ ਭਰਿਆ ਅਹਿਸਾਸ

ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ELDVs (End of Life Dreams and Visions) ਕਿਹਾ ਜਾਂਦਾ ਹੈ। ਜਦੋਂ ਇਹ ਦ੍ਰਿਸ਼ ਸ਼ੁਰੂ ਹੁੰਦੇ ਹਨ, ਤਾਂ ਮਰੀਜ਼ ਦੇ ਚਿਹਰੇ ਤੋਂ ਮੌਤ ਦਾ ਖੌਫ਼ ਗਾਇਬ ਹੋ ਜਾਂਦਾ ਹੈ। ਉਹ ਅਚਾਨਕ ਸ਼ਾਂਤ ਹੋ ਜਾਂਦੇ ਹਨ ਅਤੇ ਅਕਸਰ ਮੁਸਕਰਾਉਂਦੇ ਹੋਏ ਕਹਿੰਦੇ ਹਨ, “ਉਹ ਮੈਨੂੰ ਲੈਣ ਆ ਗਏ ਹਨ।” ਇਹ ਅਨੁਭਵ ਮਰੀਜ਼ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਇੱਕ ਮਾਨਸਿਕ ਹੌਸਲਾ ਦਿੰਦੇ ਹਨ ਕਿ ਉਨ੍ਹਾਂ ਦਾ ਪਿਆਰਾ ਇਕੱਲਾ ਨਹੀਂ ਜਾ ਰਿਹਾ।

ਵਿਗਿਆਨ ਅਤੇ ਵਿਸ਼ਵਾਸ ਦੀ ਜੰਗ

ਹਾਲਾਂਕਿ ਮੈਡੀਕਲ ਵਿਗਿਆਨ ਇਸ ਨੂੰ ਦਿਮਾਗ ਵਿੱਚ ਆਕਸੀਜਨ ਦੀ ਕਮੀ, ਕੈਮੀਕਲ ਬਦਲਾਅ ਜਾਂ ਦਵਾਈਆਂ ਦੇ ਸਾਈਡ ਇਫੈਕਟ ਵਜੋਂ ਦੇਖਦਾ ਹੈ, ਪਰ ਹਾਸਪਾਈਸ ਕੇਅਰ ਵਿੱਚ ਕੰਮ ਕਰਨ ਵਾਲੇ ਮਾਹਿਰਾਂ ਦਾ ਮੰਨਣਾ ਕੁਝ ਹੋਰ ਹੈ। ਨਰਸਾਂ ਦਾ ਕਹਿਣਾ ਹੈ ਕਿ ਇਹ ਦ੍ਰਿਸ਼ ਮਰੀਜ਼ ਨੂੰ ਮੌਤ ਲਈ ਮਾਨਸਿਕ ਤੌਰ ‘ਤੇ ਤਿਆਰ ਕਰਦੇ ਹਨ। ਇਹ ਭਰਮ ਹੋਣ ਦੇ ਬਾਵਜੂਦ ਇੰਨੇ ਸਾਰਥਕ ਹੁੰਦੇ ਹਨ ਕਿ ਇਨਸਾਨ ਬਿਨਾਂ ਕਿਸੇ ਸੰਘਰਸ਼ ਜਾਂ ਦਰਦ ਦੇ ਸ਼ਾਂਤੀ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦਾ ਹੈ।