ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ ਆਸਟ੍ਰੇਲੀਆ ਕੋਲੋ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਈ ਫੈਨਜ਼ ਵਿੱਚ ਗੁੱਸਾ ਵੀ ਦੇਖਣ ਨੂੰ ਮਿਲਿਆ। ਇਸ ਹਾਰ ਤੋ ਬਾਅਦ ਕਈ ਫੈਨਜ਼ ਨੂੰ ਅਜਿਹਾ ਸਦਮਾ ਲੱਗਾ ਕਿ ਦੋ ਲੋਕਾਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਇਹ ਦਰਦਨਾਕ ਘਟਨਾ ਪੱਛਮੀ ਬੰਗਾਲ ਦੇ ਬਾਂਕੁੜਾ ਅਤੇ ਉੜੀਸਾ ਦੇ ਜਾਜਪੁਰ ਵਿੱਚ ਵਾਪਰੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 11 ਵਜੇ ਬਾਂਕੁੜਾ ਦੇ ਬੇਲੀਆਟੋਰ ਥਾਣਾ ਖੇਤਰ ‘ਚ ਸਿਨੇਮਾ ਹਾਲ ਨੇੜੇ ਰਾਹੁਲ ਲੋਹਾਰ 23 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਉੜੀਸਾ ਦੇ ਜਾਜਪੁਰ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ 23 ਸਾਲਾ ਨੌਜਵਾਨ, ਜਿਸਦੀ ਪਹਿਚਾਣ ਦੇਵ ਰੰਜਨ ਦਾਸ ਵਜੋਂ ਹੋਈ ਹੈ, ਉਸਨੇ ਵੀ ਮੈਚ ਤੋਂ ਤੁਰੰਤ ਬਾਅਦ ਖੁਦਕਸ਼ੀ ਕਰ ਲਈ। ਪਰਿਵਾਰਕ ਮੈਂਬਰ ਨੇ ਕਿਹਾ ਕਿ ਭਾਰਤ ਦੇ ਮੈਚ ਹਾਰਨ ਤੋਂ ਬਾਅਦ ਦਾਸ ਬਹੁਤ ਨਿਰਾਸ਼ ਸੀ।
