ਰਿਸ਼ੀਕੇਸ਼: ਉੱਤਰਾਖੰਡ ਦੇ ਰਿਸ਼ੀਕੇਸ਼ ਸਥਿਤ ਯੋਗ ਨਗਰੀ ਰੇਲਵੇ ਸਟੇਸ਼ਨ ਦੇ ਨੇੜੇ ਸੋਮਵਾਰ ਰਾਤ ਇੱਕ ਵੱਡਾ ਰੇਲ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਥੇ ਖਾਂਡ ਪਿੰਡ ਦੇ ਇਲਾਕੇ ਵਿੱਚ ਉੱਜੈਨ ਐਕਸਪ੍ਰੈੱਸ (Ujjain Express) ਦੇ ਤਿੰਨ ਡੱਬੇ ਅਚਾਨਕ ਪਟੜੀ ਤੋਂ ਉਤਰ ਗਏ। ਇਹ ਹਾਦਸਾ ਰਾਤ ਤਕਰੀਬਨ 9:30 ਵਜੇ ਵਾਪਰਿਆ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਰੇਲਗੱਡੀ ਵਿੱਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ, ਜਿਸ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ
ਬਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ!
ਰੇਲਵੇ ਅਧਿਕਾਰੀਆਂ ਵੱਲੋਂ ਕੀਤੀ ਗਈ ਮੁਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਰੋਜ਼ਾਨਾ ਦੀ ਦੇਖਭਾਲ (Routine Maintenance) ਦੌਰਾਨ ਰੇਲਗੱਡੀ ਦੀ ਬਰੇਕ ਫੇਲ੍ਹ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ, ਇਸ ਹਾਦਸੇ ਨੇ ਰੇਲਵੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਮੇਨਟੇਨੈਂਸ ਦੌਰਾਨ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋਈ
ਰੇਲਵੇ ਅਧਿਕਾਰੀਆਂ ਦੀ ਦੇਰੀ ਅਤੇ ਹੰਗਾਮਾ
ਸੂਤਰਾਂ ਮੁਤਾਬਕ ਹਾਦਸਾ ਵਾਪਰਨ ਦੇ ਬਾਵਜੂਦ ਰੇਲਵੇ ਦੇ ਉੱਚ ਅਧਿਕਾਰੀ ਕਰੀਬ ਢਾਈ ਘੰਟੇ ਤੱਕ ਮੌਕੇ ‘ਤੇ ਨਹੀਂ ਪਹੁੰਚੇ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ। ਹਾਦਸੇ ਤੋਂ ਬਾਅਦ ਰੇਲਵੇ ਟਰੈਕ ‘ਤੇ ਭਾਰੀ ਭੀੜ ਇਕੱਠੀ ਹੋ ਗਈ ਸੀ। ਮੌਕੇ ‘ਤੇ ਪਹੁੰਚੀ ਜੀ.ਆਰ.ਪੀ. (ਸਰਕਾਰੀ ਰੇਲਵੇ ਪੁਲਿਸ) ਦੇ ਜਵਾਨਾਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਟਰੈਕ ਤੋਂ ਲੋਕਾਂ ਨੂੰ ਹਟਾ ਕੇ ਰਸਤਾ ਸਾਫ਼ ਕਰਵਾਇਆ
