ਨਵੀਂ ਦਿੱਲੀ: E20 ਪੈਟਰੋਲ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਮੰਗਲਵਾਰ ਨੂੰ ਕਰੀਬ 100 ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਨਿਵਾਸ ਵੱਲ ਜਾਣਗੇ। ਇਸ ਦੌਰਾਨ ਉਹ E20 ਪੈਟਰੋਲ ਦੇ ਮੁੱਦੇ ’ਤੇ ਲੋਕਾਂ ਦੇ ਸਮਰਥਨ ਨਾਲ ਜੁੜੀਆਂ 2 ਲੱਖ ਤੋਂ ਵੱਧ ਦਸਤਖ਼ਤ ਵਾਲੀਆਂ ਚਿੱਠੀਆਂ ਪੇਸ਼ ਕਰਨਗੇ
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਪੈਟਰੋਲ ਪੰਪਾਂ ’ਤੇ ਗਾਹਕਾਂ ਨੂੰ ਚੋਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ E20 ਪੈਟਰੋਲ ਵਰਤਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਉਪਲਬਧ ਹੋਵੇ, ਪਰ ਜਿਹੜੇ ਸ਼ੁੱਧ ਪੈਟਰੋਲ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਇਹ ਵਿਕਲਪ ਮਿਲਣਾ ਚਾਹੀਦਾ ਹੈ
E20 ਪੈਟਰੋਲ ਦੀ ਕੀਮਤ ’ਤੇ ਵੀ ਚੁੱਕੇ ਸਵਾਲ :
AAP ਮੁਖੀ ਨੇ E20 ਪੈਟਰੋਲ ਦੀ ਕੀਮਤ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿੱਚ ਮਿਲਾਵਟ ਵਾਲਾ ਈਂਧਨ ਹੈ ਤਾਂ ਇਸ ਦੀ ਕੀਮਤ ਸ਼ੁੱਧ ਪੈਟਰੋਲ ਨਾਲੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਕਮੀ ਦਾ ਫਾਇਦਾ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਹੈ
ਮਾਈਲੇਜ ਅਤੇ ਵਾਹਨਾਂ ਦੀ ਸੰਭਾਲ ’ਤੇ ਵੀ ਚਿੰਤਾ
ਕੇਜਰੀਵਾਲ ਨੇ E20 ਪੈਟਰੋਲ ਦੇ ਕਾਰਨ ਵਾਹਨਾਂ ਦੀ ਮਾਈਲੇਜ ਅਤੇ ਰੱਖ-ਰਖਾਅ ਨਾਲ ਜੁੜੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਾਹਨ ਮਾਲਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਸਪੱਸ਼ਟ ਨੀਤੀ ਬਣਾਉਣੀ ਚਾਹੀਦੀ ਹੈ।
E20 ਮਾਮਲਾ ਬਣਿਆ ਸਿਆਸੀ ਮੁੱਦਾ
E20 ਪੈਟਰੋਲ ਨੂੰ ਲੈ ਕੇ ਹੁਣ ਸਿਆਸੀ ਗਰਮੀ ਵਧ ਗਈ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੋਕਾਂ ਦੀ ਪਸੰਦ, ਈਂਧਨ ਦੀ ਕੀਮਤ ਅਤੇ ਵਾਹਨਾਂ ਦੀ ਕਾਰਗੁਜ਼ਾਰੀ ਨਾਲ ਜੋੜ ਰਹੀ ਹੈ। ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇਕੱਠੀਆਂ ਕੀਤੀਆਂ ਗਈਆਂ ਚਿੱਠੀਆਂ ਹੁਣ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ
