ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਪੁਨਰ ਸਮੀਖਿਆ (SIR)-2026 ਦਾ ਘਰ-ਘਰ ਸਰਵੇਖਣ ਪੜਾਅ ਪੂਰਾ ਹੋ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਅਜਿਹੇ ਵੋਟਰ ਸਾਹਮਣੇ ਆਏ ਹਨ, ਜੋ ਮੌਜੂਦਾ ਸੂਚੀਆਂ ਵਿੱਚ ਦਰਜ ਤਾਂ ਹਨ ਪਰ ਜਾਂਚ ਦੌਰਾਨ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ
ਚੋਣ ਵਿਭਾਗ ਦੇ ਅਨੁਸਾਰ, ਸਰਵੇਖਣ ਦੌਰਾਨ ਪੰਜਾਬ ਵਿੱਚ 20 ਲੱਖ 66 ਹਜ਼ਾਰ 635 ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਨਹੀਂ ਹੋਏ। ਇਹ ਗਿਣਤੀ ਕੁੱਲ ਰਜਿਸਟਰਡ ਵੋਟਰਾਂ ਦਾ ਲਗਭਗ 9.63 ਫੀਸਦੀ ਹੈ। ਇਨ੍ਹਾਂ ਵਿੱਚ ਕਈ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਸਥਾਈ ਤੌਰ ‘ਤੇ ਪੰਜਾਬ ਤੋਂ ਬਾਹਰ ਚਲੇ ਗਏ ਹਨ
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ 25 ਜੂਨ ਤੋਂ 3 ਅਗਸਤ ਤੱਕ ਚੱਲੀ ਇਸ ਮੁਹਿੰਮ ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ 2 ਕਰੋੜ 14 ਲੱਖ 61 ਹਜ਼ਾਰ 043 ਰਜਿਸਟਰਡ ਵੋਟਰਾਂ ਦੀ ਜਾਂਚ ਕੀਤੀ ਗਈ। ਇਸ ਵਿੱਚੋਂ 1 ਕਰੋੜ 93 ਲੱਖ 94 ਹਜ਼ਾਰ 408 ਤੋਂ ਵੱਧ ਵੋਟਰਾਂ ਨੇ ਆਪਣੇ ਐਨਿਊਮੇਰੇਸ਼ਨ ਫਾਰਮ ਜਮ੍ਹਾਂ ਕਰਵਾਏ
ਉਨ੍ਹਾਂ ਦੱਸਿਆ ਕਿ SIR ਮੁਹਿੰਮ ਦਾ ਮੁੱਖ ਮਕਸਦ ਯੋਗ ਅਤੇ ਅਸਲ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਬਰਕਰਾਰ ਰੱਖਣਾ ਅਤੇ ਮ੍ਰਿਤਕ, ਡੁਪਲੀਕੇਟ, ਸਥਾਈ ਤੌਰ ‘ਤੇ ਤਬਦੀਲ ਹੋ ਚੁੱਕੇ ਜਾਂ ਗੈਰ-ਉਪਲਬਧ ਵੋਟਰਾਂ ਦੀ ਪਛਾਣ ਕਰਨਾ ਹੈ
- ਸਰਵੇ ਦੌਰਾਨ ਸਾਹਮਣੇ ਆਏ ਅੰਕੜੇ
- 5 ਲੱਖ 74 ਹਜ਼ਾਰ 568 ਮ੍ਰਿਤਕ ਵੋਟਰ ਅਜਿਹੇ ਮਿਲੇ, ਜਿਨ੍ਹਾਂ ਦੇ ਨਾਮ ਅਜੇ ਵੀ ਵੋਟਰ ਸੂਚੀ ਵਿੱਚ ਦਰਜ ਹਨ
- 4 ਲੱਖ 12 ਹਜ਼ਾਰ 715 ਵੋਟਰਾਂ ਦਾ ਪਤਾ ਨਹੀਂ ਲੱਗ ਸਕਿਆ
- 9 ਲੱਖ 44 ਹਜ਼ਾਰ 131 ਵੋਟਰ ਸਥਾਈ ਤੌਰ ‘ਤੇ ਕਿਸੇ ਹੋਰ ਥਾਂ ਤਬਦੀਲ ਹੋ ਚੁੱਕੇ ਹਨ
- 1 ਲੱਖ 19 ਹਜ਼ਾਰ 145 ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਦੋ ਵਾਰ ਦਰਜ ਪਾਏ ਗਏ ਹਨ
ਚੋਣ ਵਿਭਾਗ ਮੁਤਾਬਕ, ਇਸ ਪੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਵਿੱਚ 23 ਜ਼ਿਲ੍ਹਾ ਚੋਣ ਅਧਿਕਾਰੀ, 117 ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO), 234 ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ (AERO), 2,501 ਸੁਪਰਵਾਈਜ਼ਰ ਅਤੇ 24,453 ਬੂਥ ਲੈਵਲ ਅਧਿਕਾਰੀਆਂ (BLO) ਨੇ ਕੰਮ ਕੀਤਾ।
ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ 87,966 ਬੂਥ ਲੈਵਲ ਏਜੰਟਾਂ ਨੇ ਵੀ ਇਸ ਮੁਹਿੰਮ ਵਿੱਚ ਆਪਣੀ ਭੂਮਿਕਾ ਨਿਭਾਈ। ਹੁਣ ਜਾਂਚ ਤੋਂ ਬਾਅਦ ਗੈਰ-ਮੌਜੂਦ, ਡੁਪਲੀਕੇਟ ਅਤੇ ਅਯੋਗ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ।
