NIA ਨੇ ਅਮਰੀਕਾ ‘ਡੰਕੀ ਇਮੀਗ੍ਰੇਸ਼ਨ’ ਕੇਸ ਵਿੱਚ ਵੱਡੀ ਜਾਂਚ ਤੋਂ ਬਾਅਦ ਹਰਿਆਣਾ ਦੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਕਰਨ) : NIA ਨੇ ਵੀਰਵਾਰ ਨੂੰ ਮਨੁੱਖੀ ਤਸਕਰੀ ਅਤੇ ਅਮਰੀਕਾ ਤੱਕ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਹਰਿਆਣਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਇਮੀਗ੍ਰੇਸ਼ਨ ‘ਡੰਕੀ ਰੂਟ’ ਰਾਹੀਂ ਕਰਵਾਈ ਗਈ ਸੀ।

ਇਹ ਦੋਸ਼ੀ, ਰਵੀ ਕੁਮਾਰ ਅਤੇ ਗੋਪਾਲ ਸਿੰਘ, NIA ਵੱਲੋਂ ਹਰਿਆਣਾ ਅਤੇ ਪੰਜਾਬ ਵਿੱਚ ਚਾਰ ਥਾਵਾਂ ‘ਤੇ ਹੋਈਆਂ ਵਿਆਪਕ ਤਲਾਸ਼ੀਆਂ ਦੌਰਾਨ ਹਿਰਾਸਤ ‘ਚ ਲਏ ਗਏ। ਕੇਸ RC-10/2025/NIA/DLI ਦੇ ਤਹਿਤ, ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਦੋ ਥਾਵਾਂ ਤੇ ਤਲਾਸ਼ੀ ਹੋਈ, ਜਦਕਿ ਯਮੁਨਾ ਨਗਰ (ਹਰਿਆਣਾ) ਅਤੇ ਗੁਰਦਾਸਪੁਰ (ਪੰਜਾਬ) ‘ਚ ਇੱਕ-ਇੱਕ ਥਾਂ ‘ਤੇ ਤਲਾਸ਼ੀ ਕੀਤੀ ਗਈ। ਇਨ੍ਹਾਂ ਤਲਾਸ਼ੀਆਂ ਦੌਰਾਨ ਮਿਲੇ ਡਿਜੀਟਲ ਡਿਵਾਈਸ ਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਇਮੀਗ੍ਰੇਸ਼ਨ ਰੈਕਟ ਨਾਲ ਜੁੜੇ ਹੋਰ ਸਬੂਤ ਮਿਲ ਸਕਣ।

ਐਨਆਈਏ ਦੀ ਜਾਂਚ ਵਿੱਚ ਪਤਾ ਲੱਗਾ ਕਿ ਰਵੀ ਅਤੇ ਗੋਪਾਲ, ਦੋਵੇਂ ਕਰਨਾਲ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਹਿੱਸਾ ਸਨ ਜੋ ਭਾਰਤੀ ਨਾਗਰਿਕਾਂ ਨੂੰ ਝੂਠੇ ਵਾਅਦੇ ਕਰਕੇ ਅਮਰੀਕਾ ਕਾਨੂੰਨੀ ਤਰੀਕੇ ਨਾਲ ਭੇਜਣ ਦਾ ਲਾਲਚ ਦੇਂਦਾ ਸੀ। ਗੋਪਾਲ ਨੇ ਹੋਰ ਮੁਲਜ਼ਮ ਜੈ ਕੁਮਾਰ ਅਤੇ ਰਵੀ ਨਾਲ ਮਿਲਕੇ ਕਈ ਪੀੜਤਾਂ ਦੀ ਗੈਰਕਾਨੂੰਨੀ ਇਮੀਗ੍ਰੇਸ਼ਨ ਕਰਵਾਈ। ਰਵੀ ਨੇ ਨਾ ਸਿਰਫ ਹੋਟਲ ਬੁੱਕਿੰਗ ਤੇ ਯਾਤਰਾ ਦੀ ਯੋਜਨਾ ਬਣਾਈ, ਬਲਕਿ ਹੋਰ ਪੀੜਤਾਂ ਲਈ ਏਜੰਟ ਵਜੋਂ ਵੀ ਕੰਮ ਕੀਤਾ। ਉਸਨੇ ਹੋਰ ਦੋਸ਼ੀਆਂ ਦੀ ਮਦਦ ਵੀ ਕੀਤੀ ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਰਕਮ ਵਸੂਲਦੇ ਸਨ।

ਇਹ ਕੇਸ ਨਾਰਾਇਣਗੜ੍ਹ, ਹਰਿਆਣਾ ਦੇ ਨਿਵਾਸੀ ਸ਼ੁਭਮ ਸੈਣੀ ਦੀ ਅਮਰੀਕਾ ਗੈਰਕਾਨੂੰਨੀ ਇਮੀਗ੍ਰੇਸ਼ਨ ਨਾਲ ਸਬੰਧਤ ਹੈ। ਜਨਵਰੀ ਵਿੱਚ, ਸੈਣੀ ਨੂੰ ਅਮਰੀਕੀ ਸਰਹੱਦ ‘ਤੇ ਰੋਕ ਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਨਾਰਾਇਣਗੜ੍ਹ ਪੁਲਿਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਵਿੱਚ, ਸੈਣੀ ਨੇ ਦੱਸਿਆ ਕਿ ਉਸਨੂੰ ਦੱਖਣੀ ਅਤੇ ਕੇਂਦਰੀ ਅਮਰੀਕਾ ਰਾਹੀਂ ਅਮਰੀਕਾ ਲਿਜਾਇਆ ਗਿਆ, ਜਿੱਥੇ ਉਸਨੂੰ ਕੈਦ ਕਰਕੇ ਕੁੱਟਮਾਰ, ਜ਼ਬਰਦਸਤੀ ਅਤੇ ਦਬਾਅ ਝੱਲਣਾ ਪਿਆ ਤੇ ਕਈ ਪੜਾਵਾਂ ‘ਤੇ ਉਸਦੇ ਪਰਿਵਾਰ ਵੱਲੋਂ ਕੁੱਲ ₹42 ਲੱਖ ਦੀ ਰਕਮ ਅਦਾ ਕੀਤੀ ਗਈ।

NIA ਇਸ ਮਾਮਲੇ ਦੀ ਜਾਂਚ ਜਾਰੀ ਰੱਖੀ ਹੋਈ ਹੈ, ਜਿਸ ਵਿੱਚ ਅੰਤਰਰਾਸ਼ਟਰੀ ਲਿੰਕ ਜੁੜੇ ਹੋਏ ਨੇ ਤੇ ਹੋਰ ਸ਼ਖ਼ਸਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ