ਮੰਤਰੀ ਹਰਭਜਨ ETO ਦੇ ਹੱਕ ‘ਚ ਉਤਰੀ ‘ਆਪ’, ਬਾਜਵਾ ਦੇ ਘਰ ਦੇ ਘੇਰਾਓ ਦੌਰਾਨ ਚੱਲੀਆਂ ਪਾਣੀ ਦੀਆਂ ਬੌਛਾਰਾਂ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ (AAP) ਦੇ ਵਰਕਰਾਂ ਅਤੇ ਆਗੂਆਂ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘੇਰਾਓ ਕੀਤਾ। ਇਹ ਪ੍ਰਦਰਸ਼ਨ ਕਾਂਗਰਸੀ ਆਗੂਆਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਕੀਤੀ ਗਈ ਕਥਿਤ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿੱਚ ਕੀਤਾ ਗਿਆ

ਪੁਲਿਸ ਨਾਲ ਝੜਪ ਅਤੇ ਵਾਟਰ ਕੈਨਨ ਦੀ ਵਰਤੋਂ
ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ‘ਆਪ’ ਵਰਕਰ ਸੈਕਟਰ 4 ਸਥਿਤ ਵਿਧਾਇਕ ਹੋਸਟਲ ਤੋਂ ਬੈਂਡ ਵਜਾਉਂਦੇ ਹੋਏ ਬਾਜਵਾ ਦੇ ਘਰ ਵੱਲ ਵਧਣ ਲੱਗੇ। ਪੁਲਿਸ ਨੇ ਪਹਿਲਾਂ ਹੀ ਬੈਰੀਕੇਡਿੰਗ ਕੀਤੀ ਹੋਈ ਸੀ, ਪਰ ਵਰਕਰਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨ ‘ਤੇ ਪੁਲਿਸ ਨੇ ਵਾਟਰ ਕੈਨਨ (ਪਾਣੀ ਦੀਆਂ ਬੌਛਾਰਾਂ) ਦੀ ਵਰਤੋਂ ਕੀਤੀ। ਇਸ ਦੌਰਾਨ ਹੋਈ ਧੱਕਾ-ਮੁੱਕੀ ਵਿੱਚ ਕਈ ਆਗੂਆਂ ਦੀਆਂ ਪੱਗਾਂ ਵੀ ਉਤਰ ਗਈਆਂ ਅਤੇ ਪੁਲਿਸ ਨੇ ਕਈ ਪ੍ਰਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ

ਵਿਵਾਦ ਦੀ ਜੜ੍ਹ: ਬਾਜਵਾ ਅਤੇ ਵੜਿੰਗ ਦੇ ਬਿਆਨ
ਇਸ ਪੂਰੇ ਵਿਵਾਦ ਦੀ ਸ਼ੁਰੂਆਤ ਕਾਂਗਰਸੀ ਆਗੂਆਂ ਦੇ 2 ਤਿੱਖੇ ਬਿਆਨਾਂ ਤੋਂ ਹੋਈ:

ਪ੍ਰਤਾਪ ਸਿੰਘ ਬਾਜਵਾ: ਜੰਡਿਆਲਾ ਗੁਰੂ ਦੀ ਰੈਲੀ ਵਿੱਚ ਬਾਜਵਾ ਨੇ ਕਿਹਾ ਸੀ ਕਿ ਹਰਭਜਨ ਸਿੰਘ ਈਟੀਓ ਪਹਿਲਾਂ ਬੈਂਡ ਵਜਾਉਂਦਾ ਸੀ ਅਤੇ ਹੁਣ ਉਹ ਮੰਤਰੀ ਬਣ ਕੇ ਪੰਜਾਬ ਦਾ ਬੈਂਡ ਵਜਾ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਇਸ ਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ।”

ਅਮਰਿੰਦਰ ਸਿੰਘ ਰਾਜਾ ਵੜਿੰਗ: ਪੰਜਾਬ ਕਾਂਗਰਸ ਪ੍ਰਧਾਨ ਨੇ ਹੋਰ ਵੀ ਸਖ਼ਤ ਲਹਿਜੇ ਵਿੱਚ ਮੰਤਰੀ ਦੀ ‘ਗਰਦਨ ਮਰੋੜਨ’ ਦੀ ਗੱਲ ਕਹੀ ਅਤੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਕਿਸੇ ਤੋਂ ਨਾ ਡਰਨਾ ਸਿਖਾਇਆ ਹੈ

ਆਮ ਆਦਮੀ ਪਾਰਟੀ ਦਾ ਪਲਟਵਾਰ
ਮੰਤਰੀ ਹਰਭਜਨ ਸਿੰਘ ਈਟੀਓ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ ਹਨ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ‘ਆਪ’ ਦੇ ਆਗੂ ਆਪਣੀ ਕਾਬਲੀਅਤ ਦੇ ਦਮ ‘ਤੇ ਅੱਗੇ ਆਏ ਹਨ, ਜਦਕਿ ਕਾਂਗਰਸ ਵਿੱਚ ਉਹ ਲੋਕ ਸਿਆਸਤਦਾਨ ਬਣ ਗਏ ਹਨ ਜੋ ਕਲਰਕ ਦੀ ਨੌਕਰੀ ਦੇ ਵੀ ਲਾਇਕ ਨਹੀਂ ਸਨ

ਹਰਪਾਲ ਸਿੰਘ ਚੀਮਾ ਨੇ ਇਸ ਨੂੰ “ਦਲਿਤ ਵਿਰੋਧੀ ਮਾਨਸਿਕਤਾ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਈਟੀਓ ਨੇ ਸਖ਼ਤ ਮਿਹਨਤ ਕਰਕੇ ਸਿਵਲ ਸੇਵਾਵਾਂ ਪਾਸ ਕੀਤੀਆਂ ਸਨ। ਕਾਂਗਰਸ ਹਮੇਸ਼ਾ ਗਰੀਬੀ ਵਿੱਚੋਂ ਉੱਠੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੀ ਹੈ