T20 ਵਰਲਡ ਕੱਪ: ਭਾਰਤ ਨਾਲ ਖੇਡਣ ਲਈ ਪਾਕਿਸਤਾਨ ਤਿਆਰ, ਪਰ ICC ਸਾਹਮਣੇ ਰੱਖ ਦਿੱਤੀਆਂ 3 ਵੱਡੀਆਂ ਸ਼ਰਤਾਂ

T20 ਵਰਲਡ ਕੱਪ 2026 ਨੂੰ ਲੈ ਕੇ ਚੱਲ ਰਿਹਾ ਸਿਆਸੀ ਅਤੇ ਖੇਡ ਡਰਾਮਾ ਹੁਣ ਇੱਕ ਨਵੇਂ ਮੋੜ ‘ਤੇ ਪਹੁੰਚ ਗਿਆ ਹੈ। ਬੰਗਲਾਦੇਸ਼ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ, ਹੁਣ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ICC ਨਾਲ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਤਾਜ਼ਾ ਰਿਪੋਰਟਾਂ ਅਨੁਸਾਰ ਪਾਕਿਸਤਾਨ 15 ਫਰਵਰੀ, 2026 ਨੂੰ ਭਾਰਤ ਵਿਰੁੱਧ ਹੋਣ ਵਾਲੇ ਹਾਈ-ਵੋਲਟੇਜ ਮੈਚ ਲਈ ਸਹਿਮਤ ਹੋ ਗਿਆ ਹੈ, ਪਰ ਇਸ ਦੇ ਬਦਲੇ ਉਨ੍ਹਾਂ ਨੇ ਤਿੰਨ ਅਹਿਮ ਮੰਗਾਂ ਰੱਖੀਆਂ ਹਨ

ਕੀ ਹੈ ਪੂਰਾ ਵਿਵਾਦ?
ਜ਼ਿਕਰਯੋਗ ਹੈ ਕਿ ਸਹਿ-ਮੇਜ਼ਬਾਨ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰਨ ਕਾਰਨ ਬੰਗਲਾਦੇਸ਼ ਨੂੰ ਪਹਿਲਾਂ ਹੀ ਵਿਸ਼ਵ ਕੱਪ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਟੂਰਨਾਮੈਂਟ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਪਰ ICC ਦੀ ਸਖ਼ਤ ਚੇਤਾਵਨੀ ਤੋਂ ਬਾਅਦ ਹੋਈ ਮੀਟਿੰਗ ਵਿੱਚ ਪਾਕਿਸਤਾਨ ਨੇ ਆਪਣੇ ਤੇਵਰ ਨਰਮ ਕੀਤੇ ਹਨ, ਪਰ ਸ਼ਰਤਾਂ ਦੇ ਨਾਲ

ਪਾਕਿਸਤਾਨ ਦੀਆਂ 3 ਮੁੱਖ ਮੰਗਾਂ :

ਬੰਗਲਾਦੇਸ਼ ਦਾ ਵਿੱਤੀ ਹਿੱਸਾ ਵਧਾਇਆ ਜਾਵੇ: PCB ਦਾ ਕਹਿਣਾ ਹੈ ਕਿ ਬੰਗਲਾਦੇਸ਼ ਕ੍ਰਿਕਟ ਦੇ ਬੁਨਿਆਦੀ ਢਾਂਚੇ ਅਤੇ ਉੱਭਰਦੇ ਖਿਡਾਰੀਆਂ ਨੂੰ ਨਿਖਾਰਨ ਲਈ ICC ਉਨ੍ਹਾਂ ਦੇ ਵਿੱਤੀ ਹਿੱਸੇ (Financial Share) ਵਿੱਚ ਵਾਧਾ ਕਰੇ

ਭਾਗੀਦਾਰੀ ਫੀਸ ਦੀ ਮੰਗ: ਪਾਕਿਸਤਾਨ ਨੇ ਮੰਗ ਕੀਤੀ ਹੈ ਕਿ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ 2026 ਲਈ ਇੱਕ ਨਿਸ਼ਚਿਤ ‘ਪਾਰਟੀਸਿਪੇਸ਼ਨ ਫੀਸ’ (Participation Fee) ਦਿੱਤੀ ਜਾਵੇ, ਤਾਂ ਜੋ ਟੂਰਨਾਮੈਂਟ ਦੀ ਤਿਆਰੀ ‘ਤੇ ਹੋਏ ਖਰਚੇ ਦੀ ਭਰਪਾਈ ਹੋ ਸਕੇ

ਮੇਜ਼ਬਾਨੀ ਦੇ ਅਧਿਕਾਰ: PCB ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੇ ICC ਇਵੈਂਟ ਦੀ ਮੇਜ਼ਬਾਨੀ ਬੰਗਲਾਦੇਸ਼ ਨੂੰ ਦਿੱਤੀ ਜਾਵੇ। ਪਾਕਿਸਤਾਨ ਦਾ ਮੰਨਣਾ ਹੈ ਕਿ ਬੰਗਲਾਦੇਸ਼ ਕੋਲ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਜਨਤਕ ਸਮਰਥਨ ਮੌਜੂਦ ਹੈ

ICC ਦੀ ਚੇਤਾਵਨੀ ਦਾ ਅਸਰ?
ਪਹਿਲਾਂ ਪਾਕਿਸਤਾਨ ਭਾਰਤ ਨਾਲ ਮੈਚ ਨਾ ਖੇਡਣ ਦੀ ਜਿੱਦ ‘ਤੇ ਅੜਿਆ ਹੋਇਆ ਸੀ। ਪਰ ICC ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਪਾਕਿਸਤਾਨ ਮੈਚ ਦਾ ਬਾਈਕਾਟ ਕਰਦਾ ਹੈ, ਤਾਂ ਉਸ ਨੂੰ ਭਾਰੀ ਜੁਰਮਾਨੇ ਅਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਕੀ ਹੋਵੇਗਾ 15 ਫਰਵਰੀ ਦਾ ਮੈਚ?
ਜੇਕਰ ICC ਇਹਨਾਂ ਮੰਗਾਂ ‘ਤੇ ਸਹਿਮਤ ਹੋ ਜਾਂਦਾ ਹੈ, ਤਾਂ 15 ਫਰਵਰੀ 2026 ਨੂੰ ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਮੁਕਾਬਲਾ (ਭਾਰਤ ਬਨਾਮ ਪਾਕਿਸਤਾਨ) ਦੇਖਣ ਨੂੰ ਮਿਲੇਗਾ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ICC ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ