SAD ਨੇ ਬੀਬੀ ਜਗੀਰ ਕੌਰ ਨੂੰ ਕੀਤਾ ਪਾਰਟੀ ਤੋਂ ਬਰਖਾਸਤ; SGPC ਅਨੁਸ਼ਾਸਨੀ ਕਮੇਟੀ ਅੱਗੇ ਨਹੀਂ ਹੋਈਂ ਪੇਸ਼

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੂੰ ਬਰਖਾਸਤ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿੱਚ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਲੜਨ ਦੇ ਆਪਣੇ ਫੈਸਲੇ ਦੀ ਵਿਆਖਿਆ ਕਰਨ ਲਈ ਬੀਬੀ ਜਗੀਰ ਕੌਰ ਨੂੰ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਆਪਣੇ ਫੈਸਲੇ ਤੇ ਅੜੀ ਰਹੇ ਤੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੀਬੀ ਜਗੀਰ ਕੌਰ ਦੀ ਪਾਰਟੀ ਵਿੱਚੋ ਬਰਖਾਸਤੀ ਦਾ ਐਲਾਨ ਕੀਤਾ।

ਦੱਸ ਦਇਏ ਕਿ ਬੀਤੇ ਦਿਨ, ਬੀਬੀ ਜਗੀਰ ਕੌਰ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਆਪਣੇ ਚੋਣ ਫੈਸਲੇ ’ਤੇ ਕਾਇਮ ਰਹਿਣਗੇ। ਅਨੁਸ਼ਾਸਨੀ ਕਮੇਟੀ ਨੇ ਜਗੀਰ ਕੌਰ ਨੂੰ ਜਵਾਬ ਦੇਣ ਦਾ ਤਿੰਨ ਵਾਰ ਮੌਕਾ ਦਿੱਤਾ ਸੀ। ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਨੁਸ਼ਾਸਨ ਦੀ ਉਲੰਘਣਾ ਕਰਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਕਰਕੇ ਇਹ ਫੈਸਲਾ ਲਿਆ ਗਿਆ ਹੈ।