(ਕੈਨੇਡਾ): ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਆਪਣੀ ਡਿਊਟੀ ਨਿਭਾਉਂਦੇ ਹੋਏ ਪੰਜਾਬੀ ਮੂਲ ਦੇ 29 ਸਾਲਾ ਪੁਲਿਸ ਕਾਂਸਟੇਬਲ ਤਰੁਣ ਬਾਲੀ ਸ਼ਹੀਦ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ, ਹਸਪਤਾਲ ਤੋਂ ਫਰਾਰ ਹੋਏ ਇੱਕ ਨੌਜਵਾਨ ਨੂੰ ਕਾਬੂ ਕਰਨ ਦੀ ਕਾਰਵਾਈ ਦੌਰਾਨ ਮੁਲਜ਼ਮ ਨੇ ਆਪਣੀ ਤੇਜ਼ ਰਫ਼ਤਾਰ ਗੱਡੀ ਪੁਲਿਸ ਅਧਿਕਾਰੀ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਇਹ ਭਾਣਾ ਵਾਪਰਿਆ
ਜਾਂਚ ਦੌਰਾਨ ਵਾਪਰਿਆ ਹਾਦਸਾ
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਇਹ ਘਟਨਾ 9 ਜੂਨ ਨੂੰ ਦੁਪਹਿਰ ਕਰੀਬ 12:30 ਵਜੇ ਉੱਤਰੀ ਓਨਟਾਰੀਓ ਦੇ ਹਰਸਟ ਇਲਾਕੇ ਨੇੜੇ ਵਾਪਰੀ। ਕਾਂਸਟੇਬਲ ਤਰੁਣ ਬਾਲੀ ਉੱਥੇ ਇੱਕ ਮਾਮਲੇ ਦੀ ਜਾਂਚ ਕਰ ਰਹੇ ਸਨ। ਇਸੇ ਦੌਰਾਨ ਇੱਕ ਨੌਜਵਾਨ ਤੇਜ਼ ਰਫ਼ਤਾਰ ਕਾਰ ਲੈ ਕੇ ਉੱਥੇ ਪਹੁੰਚਿਆ। ਜਦੋਂ ਪੁਲਿਸ ਟੀਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਜਾਣਬੁੱਝ ਕੇ ਆਪਣੀ ਕਾਰ ਤਰੁਣ ਬਾਲੀ ਉੱਤੇ ਚੜ੍ਹਾ ਦਿੱਤੀ
ਟੱਕਰ ਇੰਨੀ ਜ਼ਬਰਦਸਤ ਸੀ ਕਿ ਤਰੁਣ ਬਾਲੀ ਦੂਰ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ
18 ਸਾਲਾ ਮੁਲਜ਼ਮ ਗ੍ਰਿਫ਼ਤਾਰ, ਕਤਲ ਦਾ ਕੇਸ ਦਰਜ
OPP ਕਮਿਸ਼ਨਰ ਥਾਮਸ ਕੈਰਿਕ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ 18 ਸਾਲਾ ਆਰੋਪੀ ਇੱਕ ਹਸਪਤਾਲ ਤੋਂ ਫਰਾਰ ਹੋਇਆ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਪੰਜਾਬ ਦੇ ਨੰਗਲ ਨਾਲ ਸੀ ਸਬੰਧ
ਸ਼ਹੀਦ ਪੁਲਿਸ ਮੁਲਾਜ਼ਮ ਤਰੁਣ ਬਾਲੀ ਦਾ ਪਿਛੋਕੜ ਪੰਜਾਬ ਦੇ ਨੰਗਲ ਨਾਲ ਸੀ, ਜਦਕਿ ਉਨ੍ਹਾਂ ਦਾ ਨਾਨਕਾ ਪਰਿਵਾਰ ਲੁਧਿਆਣਾ ਵਿੱਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਤਰੁਣ ਬਚਪਨ ਵਿੱਚ ਹੀ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਸਨ। ਉੱਥੇ ਹੀ ਉਨ੍ਹਾਂ ਨੇ ਆਪਣੀ ਉੱਚ ਸਿੱਖਿਆ ਹਾਸਲ ਕੀਤੀ ਅਤੇ ਬਾਅਦ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਵਿੱਚ ਬਤੌਰ ਅਧਿਕਾਰੀ ਭਰਤੀ ਹੋਏ। ਉਹ OPP ਦੇ ਡਫਰਿਨ ਡਿਟੈਚਮੈਂਟ ਵਿੱਚ ਤਾਇਨਾਤ ਸਨ ਅਤੇ ਪਿਛਲੇ ਢਾਈ ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ
2 ਸਾਲ ਪਹਿਲਾਂ ਹੋਇਆ ਸੀ ਵਿਆਹ
ਤਰੁਣ ਬਾਲੀ ਦਾ ਵਿਆਹ ਮਹਿਜ਼ ਦੋ ਸਾਲ ਪਹਿਲਾਂ ਹੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਉਨ੍ਹਾਂ ਦੇ ਮਾਮਾ ਸੁਸ਼ੀਲ ਗੌਤਮ ਵੀ ਕੈਨੇਡਾ ਵਿੱਚ ਹੀ ਰਹਿੰਦੇ ਹਨ। ਪਰਿਵਾਰ ਨੇ ਦੱਸਿਆ ਕਿ ਤਰੁਣ ਸਨਾਤਨ ਧਰਮ ਵਿੱਚ ਡੂੰਘੀ ਆਸਥਾ ਰੱਖਦੇ ਸਨ ਅਤੇ ਕੈਨੇਡਾ ਵਰਗੇ ਮੁਲਕ ਵਿੱਚ ਰਹਿ ਕੇ ਵੀ ਉਹ ਹਮੇਸ਼ਾ ਆਪਣੀਆਂ ਭਾਰਤੀ ਪਰੰਪਰਾਵਾਂ ਅਤੇ ਅਮੀਰ ਸੱਭਿਆਚਾਰ ਨਾਲ ਜੁੜੇ ਰਹੇ
ਇਸ ਮੰਦਭਾਗੀ ਖ਼ਬਰ ਤੋਂ ਬਾਅਦ ਜਿੱਥੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸਨੇਹੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ
Canada Punjabi Police Constable, Tarun Bali, Ontario Provincial Police, Punjabis in Canada, Nangal, Ludhiana.
