ਨਵਾਂਸ਼ਹਿਰ ਵਿੱਚ ਮੰਜੇ ‘ਤੇ ਸੁੱਤੇ ਭੈਣ-ਭਰਾ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਦੁੱਖਦਾਈਕ ਖਬਰ ਮਿਲੀ ਹੈ। ਇਹ ਘਟਨਾ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬੰਗਾ ਦੇ ਪਿੰਡ ਕੁਲਥਮ ਵਿੱਚ ਰਹਿਣ ਵਾਲੇ ਇੱਕ ਮੁਸਲਿਮ ਪਰਿਵਾਰ ਵਿੱਚ ਵਾਪਰੀ ਹੈ। ਪਿਤਾ ਅਤੇ ਤਿੰਨ ਬੱਚੇ ਇੱਕੋ ਘਰ ਵਿੱਚ ਇੱਕ ਹੀ ਬੈੱਡ ਉੱਤੇ ਸੁੱਤੇ ਹੋਏ ਸਨ। ਰਾਤ ਕਰੀਬ 2 ਵਜੇ ਪਿਤਾ ਸਾਦਿਕ ਮੁਹੰਮਦ ਨੇ ਦੱਸਿਆ ਕਿ ਉਸਦੇ 10 ਸਾਲਾ ਲੜਕੇ ਦਿਲਬਰ ਮੁਹੰਮਦ ਨੇ ਕਿਹਾ ਕਿ ਉਸਨੂੰ ਕਿਸੇ ਚੀਜ਼ ਨੇ ਵੱਢ ਲਿਆ ਹੈ, ਜਿਸਤੋ ਬਾਅਦ ਉਸਨੂੰ ਫਗਵਾੜਾ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੈ ਕੇ ਗਿਆ, ਪਰ ਉੱਥੇ ਡਾਕਟਰਾਂ ਦੀ ਘਾਟ ਕਾਰਨ ਉਹ ਲੜਕੇ ਨੂੰ ਫਗਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਿਆ, ਜਿੱਥੇ ਹਾਜ਼ਰ ਡਾਕਟਰ ਨੇ ਦੱਸਿਆ ਕਿ ਲੜਕੇ ਦੀ ਮੌਤ ਹੋ ਚੁੱਕੀ ਹੈ।
ਡਾਕਟਰ ਨੇ ਜਾਂਚ ਕਰਕੇ ਦੱਸਿਆ ਕਿ ਬੱਚੇ ਦੀ ਮੌਤ ਕੰਨ ‘ਤੇ ਸੱਪ ਦੇ ਡੰਗਣ ਕਾਰਨ ਹੋਈ ਹੈ। ਫਿਰ ਜਦੋ ਉਹ ਤੁਰੰਤ ਘਰ ਆਇਆ ਤਾਂ ਦੇਖਿਆ ਕਿ ਉਸਦੀ 6 ਸਾਲਾ ਬੱਚੀ ਸਾਇਰਾ ਵੀ ਉਲਟੀਆਂ ਕਰ ਰਹੀ ਹੈ। ਜਦੋ ਉਹ ਉਸਨੂੰ ਵੀ ਜਲਦੀ ਹਸਪਤਾਲ ਲੈ ਕੇ ਆਇਆ ਤਾ ਡਾਕਟਰਾਂ ਨੇ ਉਸਨੂੰ ਸੱਪ ਦੇ ਡੱਸਣ ਕਾਰਨ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਨੇੜੇ ਨਦੀਨ ਉੱਗੀ ਹੋਈ ਸੀ ਅਤੇ ਸਫ਼ਾਈ ਨਹੀਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ 3-4 ਵਾਰ ਉਹ ਆਪਣੇ ਘਰ ਦੇ ਵਿਹੜੇ ‘ਚੋਂ ਸੱਪ ਫੜ ਕੇ ਦੂਰ ਛੱਡ ਆਏ ਸਨ।
