ਕਿਸ਼ਤਵਾੜ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਫਸਲਾਂ ਅਤੇ ਪੁਲ ਨੁਕਸਾਨੇ ਗਏ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਕੁਦਰਤੀ ਆਫ਼ਤ ਨੇ ਭਾਰੀ ਤਬਾਹੀ ਮਚਾਈ ਹੈ। ਜ਼ਿਲ੍ਹੇ ਦੇ ਮਰਵਾਹ ਇਲਾਕੇ ਵਿੱਚ ਸਥਿਤ ਡੋਰੀਪੇਠ-ਗੁਮਰੀ ਨਾਲੇ ਵਿੱਚ ਅਚਾਨਕ ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ, ਜਿਸ ਨਾਲ ਇਲਾਕੇ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ।

ਫਸਲਾਂ ਬਰਬਾਦ, ਪਿੰਡਾਂ ਦਾ ਸੰਪਰਕ ਟੁੱਟਿਆ

ਸਥਾਨਕ ਲੋਕਾਂ ਮੁਤਾਬਕ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਬਚਾਅ ਦਾ ਮੌਕਾ ਤੱਕ ਨਹੀਂ ਮਿਲਿਆ। ਦੇਖਦਿਆਂ ਹੀ ਦੇਖਦਿਆਂ ਨਾਲਾ ਉਫ਼ਾਨ ‘ਤੇ ਆ ਗਿਆ ਅਤੇ ਪਾਣੀ ਆਪਣੇ ਨਾਲ ਸਭ ਕੁੱਝ ਰੋੜ੍ਹ ਕੇ ਲੈ ਗਿਆ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਖੇਤਾਂ ਵਿੱਚ ਮਲਬਾ ਤੇ ਪੱਥਰ ਭਰ ਗਏ ਹਨ। ਪੈਦਲ ਲੰਘਣ ਵਾਲੇ ਕਈ ਪੁਲ (ਫੁੱਟਬ੍ਰਿਜ਼) ਪਾਣੀ ਵਿੱਚ ਰੁੜ੍ਹ ਗਏ ਹਨ, ਜਿਸ ਕਾਰਨ ਕਈ ਪਿੰਡਾਂ ਦਾ ਆਪਸੀ ਸੰਪਰਕ ਕੱਟਿਆ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ ਠੱਪ ਹੋ ਗਈ ਹੈ।

ਪ੍ਰਸ਼ਾਸਨ ਵਲੋਂ ਰਾਹਤ ਕਾਰਜ ਅਤੇ ਅਪੀਲ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਸਥਿਤੀ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਅਤੇ ਰਾਹਤ ਸਮੱਗਰੀ ਪਹੁੰਚਾਈ ਜਾ ਸਕੇ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਦੀ-ਨਾਲਿਆਂ ਅਤੇ ਪਹਾੜੀ ਖੇਤਰਾਂ ਦੇ ਨੇੜੇ ਜਾਣ ਤੋਂ ਬਚਿਆ ਜਾਵੇ। ਮੌਸਮ ਵਿਭਾਗ ਵਲੋਂ ਜਾਰੀ ਚੇਤਾਵਨੀਆਂ ਦਾ ਧਿਆਨ ਰੱਖਿਆ ਜਾਵੇ।

ਪਹਾੜੀ ਇਲਾਕਿਆਂ ‘ਚ ਵਧਦੀ ਚਿੰਤਾ

ਜ਼ਿਕਰਯੋਗ ਹੈ ਕਿ ਕਿਸ਼ਤਵਾੜ, ਮਰਵਾਹ ਅਤੇ ਵਾਰਵਨ ਦੇ ਇਲਾਕੇ ਪਹਿਲਾਂ ਵੀ ਲਗਾਤਾਰ ਬੱਦਲ ਫਟਣ ਅਤੇ ਅਚਾਨਕ ਆਉਂਦੇ ਹੜ੍ਹਾਂ ਦੀ ਮਾਰ ਝੱਲ ਚੁੱਕੇ ਹਨ। ਪਿਛਲੀਆਂ ਘਟਨਾਵਾਂ ਵਿੱਚ ਵੀ ਘਰਾਂ, ਸੜਕਾਂ, ਫਸਲਾਂ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਸੀ। ਬਾਰ-ਬਾਰ ਵਾਪਰ ਰਹੀਆਂ ਅਜਹੀਆਂ ਘਟਨਾਵਾਂ ਨੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।