ਘਰ ਵਿੱਚੋ ਮਿਲਿਆ ਪਤੀ, ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ, ਪੂਰੇ ਇਲਾਕੇ ‘ਚ ਡਰ ਦਾ ਮਾਹੌਲ

ਫਿਰੋਜ਼ਪੁਰ ਦੇ ਹਰਮਨ ਨਗਰ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਸੈਲੂਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੇ ਘਰ ਅੰਦਰ ਪਤੀ, ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ।

ਆਸ-ਪਾਸ ਰਹਿਣ ਵਾਲੇ ਲੋਕਾਂ ਮੁਤਾਬਕ, ਚਾਰਾਂ ਨੂੰ ਗੋਲੀ ਲੱਗੀ ਹੋਈ ਸੀ। ਘਰ ਦੇ ਅੰਦਰੋਂ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ, ਜਿਸ ਕਾਰਨ ਮਾਮਲੇ ਨੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਹੈ।

ਸੂਚਨਾ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ, ਜੋ ਸਬੂਤ ਇਕੱਠੇ ਕਰ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਹ ਸੰਭਾਵਨਾ ਜਤਾਅ ਰਹੇ ਹਨ ਕਿ ਮਾਮਲਾ ਖੁਦਕੁਸ਼ੀ ਦਾ ਵੀ ਹੋ ਸਕਦਾ ਹੈ ਜਾਂ ਕਿਸੇ ਹੋਰ ਕਾਰਨ ਨਾਲ ਜੁੜਿਆ ਹੋ ਸਕਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਹੀ ਮੌਤਾਂ ਦੇ ਅਸਲ ਕਾਰਨ ਦਾ ਖੁਲਾਸਾ ਕੀਤਾ ਜਾਵੇਗਾ। ਮਾਮਲੇ ਸਬੰਧੀ ਇਲਾਕੇ ਦੇ ਲੋਕਾਂ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।