ਅਕਾਲੀਆਂ ਦੀ ਸਰਕਾਰ ਸਮੇਂ ਨਸ਼ਾ ਘਰ-ਘਰ ਪਹੁੰਚਾਇਆ ਗਿਆ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੇ ਪਹਿਲੇ ਪੜਾਅ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ‘ਚ ਨਸ਼ਿਆਂ ਖ਼ਿਲਾਫ਼ ਅਜਿਹਾ ਯੁੱਧ ਕਦੇ ਨਹੀਂ ਸ਼ੁਰੂ ਕੀਤਾ ਗਿਆ। ਕੇਜਰੀਵਾਲ ਨੇ ਅਕਾਲੀ ਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੀ ਗਲੀ-ਗਲੀ ਅਤੇ ਘਰ-ਘਰ ਨਸ਼ਾ ਪਹੁੰਚਾਇਆ ਗਿਆ।

ਉਸੇ ਦੌਰਾਨ ‘ਉੜਤਾ ਪੰਜਾਬ’ ਫਿਲਮ ਬਣਾਈ ਗਈ ਸੀ। ਅਕਾਲੀ ਦਲ ਦੇ ਵੱਡੇ-ਵੱਡੇ ਆਗੂ ਨਸ਼ਾ ਵੇਚਣ ‘ਚ ਸ਼ਾਮਲ ਸਨ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਦੀ ਸਹੁੰ ਚੁੱਕੀ ਪਰ 5 ਸਾਲਾਂ ਦੀ ਸਰਕਾਰ ਬਣਨ ਦੇ ਬਾਅਦ ਵੀ ਉਨ੍ਹਾਂ ਨੇ ਕੁੱਝ ਨਹੀਂ ਕੀਤਾ। ਇਸ ਤੋਂ ਬਾਅਦ ਸਾਡੀ ਸਰਕਾਰ ਆਈ, ਸਾਨੂੰ ਥੋੜ੍ਹਾ ਸਮਾਂ ਲੱਗਾ ਪਰ ਪਿਛਲੇ ਸਾਲ ਤੋਂ ਅਸੀਂ ਸ਼ਿੱਦਤ ਨਾਲ ਨਸ਼ਿਆਂ ਖ਼ਿਲਾਫ਼ ਲੜਾਈ ਸ਼ੁਰੂ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਲੋਕਾਂ ਨੇ ਸਮਝਾਇਆ ਵੀ ਕਿ ਨਸ਼ਾ ਤਸਕਰ ਤੁਹਾਡੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਪਰ ਅਸੀਂ ਨਸ਼ਾ ਖ਼ਤਮ ਦੀ ਸਹੁੰ ਚੁੱਕੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਇਕ ਸਾਲ ਅੰਦਰ 28 ਹਜ਼ਾਰ ਕੇਸ ਨਸ਼ਾ ਤਸਕਰਾਂ ਖ਼ਿਲਾਫ਼ ਦਾਇਰ ਕੀਤੇ ਗਏ। ਇੰਨੇ ਵੱਡੇ ਪੱਧਰ ‘ਤੇ ਕਿਸੇ ਸੂਬੇ ਅੰਦਰ ਇੰਨੇ ਕੇਸ ਦਾਇਰ ਨਹੀਂ ਕੀਤੇ ਗਏ ਅਤੇ ਇਹ ਫਰਜ਼ੀ ਕੇਸ ਨਹੀਂ ਹਨ। ਜਦੋਂ ਅਦਾਲਤ ‘ਚ ਇਹ ਕੇਸ ਗਏ ਤਾਂ ਇਨ੍ਹਾਂ ‘ਚੋਂ 88 ਫ਼ੀਸਦੀ ਕੇਸਾਂ ‘ਚ ਵਿਅਕਤੀਆਂ ਨੂੰ ਜੇਲ੍ਹ ਹੋ ਗਈ।

Tags :