ਹੁਸ਼ਿਆਰਪੁਰ: ਪੰਜਾਬ ਦੀ ਧਰਤੀ ‘ਤੇ ਇੱਕ ਵਾਰ ਫਿਰ ਸਿੱਖ ਧਾਰਮਿਕ ਚਿੰਨ੍ਹਾਂ (ਕਕਾਰਾਂ) ਨੂੰ ਲੈ ਕੇ ਵਿਵਾਦ ਖੜ੍ਹਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਸੀਨੀਅਰ ਅਸਿਸਟੈਂਟ ਦੀ ਪ੍ਰੀਖਿਆ ਦੇਣ ਆਏ ਇੱਕ ਸਿੱਖ ਨੌਜਵਾਨ ਨੂੰ ਸਕੂਲ ਪ੍ਰਬੰਧਕਾਂ ਵੱਲੋਂ ‘ਸਿਰੀ ਸਾਹਿਬ’ ਅਤੇ ‘ਕੜਾ’ ਉਤਾਰਨ ਲਈ ਕਿਹਾ ਗਿਆ। ਇਸ ਘਟਨਾ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਅਤੇ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ
ਪਰਿਵਾਰ ਨੇ ਸਕੂਲ ਪ੍ਰਬੰਧਕਾਂ ਨੂੰ ਪਾਇਆ ਘੇਰਾ :
ਜਾਣਕਾਰੀ ਅਨੁਸਾਰ, ਜਦੋਂ ਨੌਜਵਾਨ ਪੇਪਰ ਦੇਣ ਲਈ ਸਕੂਲ ਦੇ ਅੰਦਰ ਜਾਣ ਲੱਗਾ ਤਾਂ ਚੈਕਿੰਗ ਦੌਰਾਨ ਉਸ ਨੂੰ ਰੋਕ ਲਿਆ ਗਿਆ। ਸਕੂਲ ਅਧਿਕਾਰੀਆਂ ਨੇ ਕਿਹਾ ਕਿ ਉਹ ਸਿਰੀ ਸਾਹਿਬ ਪਹਿਨ ਕੇ ਪ੍ਰੀਖਿਆ ਕੇਂਦਰ ਦੇ ਅੰਦਰ ਨਹੀਂ ਜਾ ਸਕਦਾ। ਜਦੋਂ ਨੌਜਵਾਨ ਦੇ ਪਿਤਾ ਹਰਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਅਧਿਕਾਰੀਆਂ ਨਾਲ ਗੱਲ ਕੀਤੀ, ਤਾਂ ਪਹਿਲਾਂ ਸਕੂਲ ਪ੍ਰਬੰਧਕਾਂ ਨੇ ਸਖ਼ਤ ਰੁਖ ਅਖਤਿਆਰ ਕੀਤਾ
ਪਰਿਵਾਰ ਨੇ ਸਵਾਲ ਚੁੱਕਿਆ ਕਿ ਜਦੋਂ ਸੰਵਿਧਾਨ ਸਿੱਖਾਂ ਨੂੰ ਕਕਾਰ ਪਹਿਨਣ ਦੀ ਇਜਾਜ਼ਤ ਦਿੰਦਾ ਹੈ, ਤਾਂ ਪੰਜਾਬ ਦੇ ਅੰਦਰ ਹੀ ਅਜਿਹੀ ਪਾਬੰਦੀ ਕਿਉਂ?
ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਮਿਲੀ ਇਜਾਜ਼ਤ :
ਪਰਿਵਾਰ ਵੱਲੋਂ ਲਗਾਤਾਰ ਕੀਤੇ ਗਏ ਵਿਰੋਧ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਦੀ ਸੂਝਬੂਝ ਤੋਂ ਬਾਅਦ, ਆਖ਼ਰਕਾਰ ਨੌਜਵਾਨ ਨੂੰ ਸਿਰੀ ਸਾਹਿਬ ਸਮੇਤ ਪ੍ਰੀਖਿਆ ਦੇਣ ਲਈ ਅੰਦਰ ਜਾਣ ਦਿੱਤਾ ਗਿਆ। ਹਾਲਾਂਕਿ, ਇਸ ਪ੍ਰਕਿਰਿਆ ਦੌਰਾਨ ਨੌਜਵਾਨ ਅਤੇ ਉਸਦੇ ਪਰਿਵਾਰ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ
“ਜੇ ਪੰਜਾਬ ‘ਚ ਇਹ ਹਾਲ ਹੈ, ਤਾਂ ਬਾਹਰ ਕੀ ਹੋਵੇਗਾ?”
ਨੌਜਵਾਨ ਦੇ ਪਿਤਾ ਹਰਜੀਤ ਸਿੰਘ ਨੇ ਭਰੇ ਮਨ ਨਾਲ ਕਿਹਾ : ਬਹੁਤ ਦੁੱਖ ਹੁੰਦਾ ਹੈ ਜਦੋਂ ਪੰਜਾਬ ਦੇ ਆਪਣੇ ਹੀ ਸ਼ਹਿਰਾਂ ਵਿੱਚ ਸਿੱਖ ਨੌਜਵਾਨਾਂ ਨਾਲ ਅਜਿਹਾ ਵਿਵਹਾਰ ਹੁੰਦਾ ਹੈ। ਜੇਕਰ ਸਾਡੇ ਆਪਣੇ ਸੂਬੇ ਵਿੱਚ ਸਿੱਖੀ ਪ੍ਰਤੀਕਾਂ ਨੂੰ ਲੈ ਕੇ ਇਹੋ ਜਿਹਾ ਨਜ਼ਰੀਆ ਰੱਖਿਆ ਜਾਵੇਗਾ, ਤਾਂ ਅਸੀਂ ਬਾਹਰਲੇ ਸੂਬਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ? ਇਹ ਸਿੱਖੀ ਦੀ ਪਛਾਣ ‘ਤੇ ਸਵਾਲ ਚੁੱਕਣ ਵਰਗਾ ਹੈ
ਸੋਸ਼ਲ ਮੀਡੀਆ ‘ਤੇ ਭਖੀ ਚਰਚਾ : ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਕੂਲ ਪ੍ਰਬੰਧਕਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਪ੍ਰੀਖਿਆ ਕੇਂਦਰਾਂ ਦੇ ਸਟਾਫ਼ ਨੂੰ ਪਹਿਲਾਂ ਹੀ ਸਿੱਖ ਕਕਾਰਾਂ ਅਤੇ ਧਾਰਮਿਕ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ

#hoshiarpurnews #hoshiarpur #schoolnews #breakingnews
