“ਸੋਨੇ ਨਾਲੋਂ ਵੀ ਮਹਿੰਗਾ ਹੈ ਇਹ ਖੂਨ: ਦੁਨੀਆ ਵਿੱਚ ਸਿਰਫ਼ 49 ਕੋਲ ਹੈ ਇਹ ‘ਬਲੱਡ ਗਰੁੱਪ’

ਖੂਨ ਜੀਵਨ ਲਈ ਬਹੁਤ ਮਹੱਤਵਪੂਰਨ ਹੈ, ਪਰ ਦੁਨੀਆ ਵਿੱਚ ਇੱਕ ਅਜਿਹਾ ਖੂਨ ਸਮੂਹ ਵੀ ਹੈ ਜੋ ਬੇਹੱਦ ਕੀਮਤੀ ਅਤੇ ਦੁਰਲੱਭ ਹੈ। ਇਸਨੂੰ ਵਿਗਿਆਨਕ ਭਾਸ਼ਾ ਵਿੱਚ Rh-null ਕਿਹਾ ਜਾਂਦਾ ਹੈ, ਪਰ ਇਸਦੀ ਖ਼ਾਸੀਅਤ ਕਾਰਨ ਇਹ ਗੋਲਡਨ ਬਲੱਡ” ਦੇ ਨਾਮ ਨਾਲ ਮਸ਼ਹੂਰ ਹੈ।

ਇਹ ਇੰਨਾ ਖਾਸ ਕਿਉਂ ਹੈ?

ਆਮ ਤੌਰ ‘ਤੇ ਲੋਕਾਂ ਦੇ ਖੂਨ ਵਿੱਚ A, B, AB ਜਾਂ O ਗਰੁੱਪ ਹੁੰਦੇ ਹਨ, ਜੋ ਪਾਜ਼ਿਟਿਵ ਜਾਂ ਨੈਗੇਟਿਵ ਹੋ ਸਕਦੇ ਹਨ। ਪਰ Rh-null ਸਭ ਤੋਂ ਵੱਖਰਾ ਹੈ। ਆਮ ਖੂਨ ਵਿੱਚ ਲਗਭਗ 61 ਕਿਸਮਾਂ ਦੇ Rh ਐਂਟੀਜੇਨ (ਪ੍ਰੋਟੀਨ) ਹੁੰਦੇ ਹਨ। ਜਿਸ ਵਿੱਚ ਇਹ ਹੁੰਦੇ ਹਨ ਉਹ ਪਾਜ਼ਿਟਿਵ ਅਤੇ ਜਿਸ ਵਿੱਚ ਨਹੀਂ ਹੁੰਦੇ ਉਹ ਨੈਗੇਟਿਵ ਕਹਾਉਂਦਾ ਹੈ। ਪਰ ਗੋਲਡਨ ਬਲੱਡ ਵਿੱਚ ਇਹਨਾਂ 61 ਐਂਟੀਜੇਨਾਂ ਵਿੱਚੋਂ ਇੱਕ ਵੀ ਮੌਜੂਦ ਨਹੀਂ ਹੁੰਦਾ।

ਇਹ ਖੂਨ ਕਿਸੇ ਵੀ ਵਿਅਕਤੀ ਨੂੰ ਚੜ੍ਹਾਇਆ ਜਾ ਸਕਦਾ ਹੈ। ਇਹ ਦੁਨੀਆ ਦੇ ਕਿਸੇ ਵੀ ਦੁਰਲੱਭ ਬਲੱਡ ਗਰੁੱਪ ਵਾਲੇ ਮਰੀਜ਼ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਹਰ ਕਿਸੇ ਦੇ ਸਰੀਰ ਨਾਲ ਮੇਲ ਖਾ ਜਾਂਦਾ ਹੈ। ਪੂਰੀ ਦੁਨੀਆ ਦੀ 8 ਅਰਬ ਦੀ ਆਬਾਦੀ ਵਿੱਚੋਂ ਇਹ ਖੂਨ ਸਿਰਫ 45 ਤੋਂ 50 ਲੋਕਾਂ ਕੋਲ ਹੀ ਹੈ।

ਚੁਣੌਤੀਆਂ ਅਤੇ ਖ਼ਤਰੇ

ਭਾਵੇਂ ਇਹ ਖੂਨ ਦੂਜਿਆਂ ਲਈ ਵਰਦਾਨ ਹੈ, ਪਰ ਜਿਨ੍ਹਾਂ ਦੇ ਸਰੀਰ ਵਿੱਚ ਇਹ ਖੂਨ ਹੁੰਦਾ ਹੈ, ਉਨ੍ਹਾਂ ਲਈ ਕਈ ਮੁਸ਼ਕਲਾਂ ਹੁੰਦੀਆਂ ਹਨ। ਜੇਕਰ ਕਿਸੇ ਗੋਲਡਨ ਬਲੱਡ ਵਾਲੇ ਵਿਅਕਤੀ ਨੂੰ ਖੂਨ ਦੀ ਲੋੜ ਪੈ ਜਾਵੇ, ਤਾਂ ਉਸਨੂੰ ਕਿਸੇ ਵੀ ਹੋਰ ਗਰੁੱਪ ਦਾ ਖੂਨ ਨਹੀਂ ਚੜ੍ਹਾਇਆ ਜਾ ਸਕਦਾ। ਉਸਨੂੰ ਸਿਰਫ Rh-null ਖੂਨ ਹੀ ਚਾਹੀਦਾ ਹੁੰਦਾ ਹੈ।

ਇਸ ਗਰੁੱਪ ਦੇ ਲਾਲ ਖੂਨ ਦੇ ਸੈੱਲਾਂ ਦੀ ਬਣਤਰ ਅਜੀਬ ਹੁੰਦੀ ਹੈ, ਜਿਸ ਕਾਰਨ ਇਹ ਜਲਦੀ ਖਤਮ ਹੋ ਜਾਂਦੇ ਹਨ। ਇਸ ਕਰਕੇ ਅਜਿਹੇ ਵਿਅਕਤੀਆਂ ਨੂੰ ਅਕਸਰ ਅਨੀਮੀਆ (ਖੂਨ ਦੀ ਕਮੀ) ਦੀ ਸ਼ਿਕਾਇਤ ਰਹਿੰਦੀ ਹੈ।

ਕਿਸੇ ਐਮਰਜੈਂਸੀ ਤੋਂ ਬਚਣ ਲਈ, ਡਾਕਟਰ ਅਜਿਹੇ ਲੋਕਾਂ ਨੂੰ ਆਪਣਾ ਖੂਨ ਪਹਿਲਾਂ ਹੀ ਸਟੋਰ (ਜਮ੍ਹਾ) ਕਰਵਾਉਣ ਦੀ ਸਲਾਹ ਦਿੰਦੇ ਹਨ ਤਾਂ ਜੋ ਲੋੜ ਪੈਣ ‘ਤੇ ਉਹ ਖੁਦ ਹੀ ਇਸ ਦੀ ਵਰਤੋਂ ਕਰ ਸਕਣ।