ਹੰਗਾਮਿਆ ਤੋਂ ਬਾਅਦ ਆਖਿਰਕਾਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਹੋਇਆ ਅੰਤਿਮ ਸੰਸਕਾਰ, ਖੁਦ ਨੂੰ ਨਹੀਂ ਸਾਂਭ ਪਾ ਰਿਹਾ ਪਰਿਵਾਰ

ਅੰਮ੍ਰਿਤਸਰ: ਭਰਪੂਰ ਹੰਗਾਮਿਆ ਤੋਂ ਬਾਅਦ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ 6 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਵੱਲੋਂ ਦੁਰਗਿਆਨਾ ਤੀਰਥ ਵਿਖੇ ਸਾਰੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਸੂਰੀ ਦਾ ਸੰਸਕਾਰ ਕੀਤਾ ਗਿਆ। ਦਿਵਗੰਤ ਆਗੂ ਦਾ ਪਰਿਵਾਰ ਖੁਦ ਨੂੰ ਸਾਂਭ ਨਹੀਂ ਪਾ ਰਿਹਾ। ਸੁਧੀਰ ਸੂਰੀ ਦੀ ਸ਼ਵ ਯਾਤਰਾ ਮੌਕੇ ਭਾਰੀ ਭੀੜ ਮੌਜੂਦ ਸੀ। ਪਾਰਟੀ ਦੇ ਆਗੂਆਂ ਅਤੇ ਲੋਕਾਂ ਨੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ।

ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਅੰਮ੍ਰਿਤਸਰ ‘ਚ ਸ਼ਿਵ ਸੈਨਾ (ਟਕਸਾਲੀ) ਦੇ ਮੁਖੀ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਖ਼ਤ ਸੁਰੱਖਿਆ ਵਿਚਕਾਰ, ਸੁਧੀਰ ਗੋਪਾਲ ਨਗਰ ‘ਚ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦੇ ਖਿਲਾਫ ਵਿਰੋਧ ਕਰ ਰਹੇ ਸਨ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਸ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੀ ਗਈ ਲਾਇਸੈਂਸੀ ਪਿਸਤੌਲ ਵੀ ਬਰਾਮਦ ਹੋਈ ਹੈ।

ਦੱਸ ਦਇਏ ਕਿ ਸੁਧੀਰ ਸੂਰੀ ਦੇ ਪਰਿਵਾਰ ਨੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਅੱਗੇ ਤਿੰਨ ਮੰਗਾਂ ਰੱਖੀਆਂ ਸੀ ਅਤੇ ਕਿਹਾ ਸੀ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਗੁੱਸੇ ਵਿਚ ਆਏ ਸੂਰੀ ਦੇ ਸਮਰਥਕਾਂ ਨੇ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ਵੀ ਜਾਮ ਕਰ ਦਿੱਤਾ ਸੀ ਅਤੇ ਹੋਰ ਵੀ ਕਈ ਥਾਵਾਂ ਤੇ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੁਧੀਰ ਸੂਰੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਨੇ ਮੰਗ ਕੀਤੀ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਨਾਲ ਹੀ ‘ਵਾਰਿਸ ਪੰਜਾਬ ਦੇ’ ਦੇ ਮੁੱਖੀ, ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਭਰੋਸਾ ਦਿਵਾਇਆ ਕਿ ਸੁਧੀਰ ਸੂਰੀ ਨੂੰ ਸ਼ਹੀਦ ਘੋਸ਼ਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਜੋ ਵੀ ਨਾਮ ਸਾਹਮਣੇ ਆਉਣਗੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਬਾਅਦ, ਪਰਿਵਾਰ ਅੰਤਮ ਸੰਸਕਾਰ ਕਰਨ ਲਈ ਰਾਜੀ ਹੋ ਗਿਆ।