ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਸਾਲ ਤੋ ਉੱਪਰ ਤੋ ਸਮਾਂ ਹੋ ਗਿਆ ਹੈ ਤੇ ਅੱਜ ਉਹ ਸਾਰਿਆ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਜਦੋ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਉਸ ਸਮੇਂ ਉਸਦੀ ਥਾਰ ’ਚੋਂ ਸਮਾਨ ਬਰਾਮਦ ਹੋਇਆ ਸੀ, ਉਹ ਸਮਾਨ ਅੱਜ ਅਦਾਲਤ ’ਚ ਪੁਲਿਸ ਵਲੋਂ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਅਫ਼ਵਾਹਾਂ ਸਨ ਕਿ ਥਾਰ ’ਚੋਂ ਸਿੱਧੂ ਮੂਸੇਵਾਲਾ ਕੋਲ ਜੋ ਮੋਬਾਈਲ ਸਨ, ਉਨ੍ਹਾਂ ’ਚੋਂ ਗੈਂਗਸਟਰਾਂ ’ਤੇ ਲਿੰਕ ਸਾਹਮਣੇ ਆਉਣਗੇ। ਪਰ ਅੱਜ ਜਾਂਚ ਤੋਂ ਬਾਅਦ ਦੋ ਮੋਬਾਈਲ ਫ਼ੋਨ ਇੱਕ ਐਪਲ ਕੰਪਨੀ ਅਤੇ ਦੂਜਾ ਓਪੋ ਕੰਪਨੀ ਦਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਇਲਾਵਾ 45 ਬੋਰ ਦਾ ਪਿਸਤੌਲ ਵੀ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੂਸੇਵਾਲਾ ਦੇ ਪਰਿਵਾਰਕ ਵਕੀਲ ਨੇ ਦੱਸਿਆ ਕਿ ਸਿੱਧੂ ਦੇ ਕਤਲ ਸਮੇਂ ਥਾਰ ਗੱਡੀ ’ਚੋਂ ਜੋ ਸਮਾਨ ਬਰਾਮਦ ਕੀਤਾ ਗਿਆ ਸੀ, ਉਹ ਅਦਾਲਤ ਦੇ ਮਾਧਿਅਮ ਰਾਹੀਂ ਪਰਿਵਾਰ ਨੂੰ ਸੁਪਰਦਾਰੀ ’ਤੇ ਵਾਪਸ ਸੌਂਪ ਦਿੱਤਾ ਗਿਆ ਹੈ। ਅਦਾਲਤ ਵਲੋਂ ਸ਼ਰਤ ਰੱਖੀ ਗਈ ਹੈ ਕਿ ਇਹ ਸਮਾਨ ਹਰ ਪੇਸ਼ੀ ’ਤੇ ਪੇਸ਼ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਸਤੌਲ ’ਤੇ 4 ਲੱਖ ਅਤੇ ਮੋਬਾਈਲ ਫ਼ੋਨ ’ਤੇ 1 ਲੱਖ ਦਾ ਬੌਂਡ ਭਰਵਾਇਆ ਗਿਆ ਹੈ। ਅਦਾਲਤ ਦੁਆਰਾ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਦੋਵੇਂ ਮੋਬਾਈਲ ਫ਼ੋਨ ਅਤੇ ਪਿਸਤੌਲ ਨੂੰ ਕੇਸ ਦੇ ਫ਼ੈਸਲਾ ਹੋ ਜਾਣ ਤੱਕ ਵੇਚਿਆ ਨਹੀਂ ਜਾ ਸਕੇਗਾ ਅਤੇ ਨਾ ਹੀ ਇਨ੍ਹਾਂ ਦੇ ਰੰਗ ਅਤੇ ਸਾਈਜ਼ ’ਚ ਕੋਈ ਤਬਦੀਲੀ ਕਰਵਾਈ ਜਾਵੇਗੀ। 45 ਬੋਰ ਦੇ ਪਿਸਤੌਲ ਦਾ ਲਾਇਸੈਂਸ ਮਾਤਾ ਚਰਨ ਕੌਰ ਦੇ ਨਾਮ ’ਤੇ ਜਾਰੀ ਹੋਇਆ ਹੈ। ਇਸ ਦੌਰਾਨ ਪਰਿਵਾਰ ਵਲੋਂ ਦਾਅਵਾ ਕੀਤਾ ਗਿਆ ਕਿ ਮੋਬਾਈਲ ’ਚ ਕਿਸੇ ਵੀ ਗੈਂਗਸਟਰ ਦਾ ਨੰਬਰ ਪੁਲਿਸ ਨੂੰ ਬਰਾਮਦ ਨਹੀਂ ਹੋਇਆ ਹੈ। ਜੇਕਰ ਪੁਲਿਸ ਨੂੰ ਥੋੜਾ ਜਿਹਾ ਵੀ ਸ਼ੱਕ ਹੁੰਦਾ ਤਾਂ ਪੁਲਿਸ ਵਲੋਂ ਜ਼ਬਤ ਕੀਤਾ ਗਿਆ ਸਮਾਨ ਪਰਿਵਾਰ ਨੂੰ ਸਪੁਰਦ ਨਹੀਂ ਕੀਤਾ ਜਾਣਾ ਸੀ।
