ਪੰਜਾਬ ‘ਚ ਟ੍ਰੈਫਿਕ ਨਿਯਮ ਹੋਏ ਸਖ਼ਤ: ਨਾਬਾਲਗਾਂ ਦੇ ਗੱਡੀ ਚਲਾਉਣ ‘ਤੇ ਮਾਪਿਆਂ ‘ਤੇ ਹੋਵੇਗੀ ਕਾਰਵਾਈ, ਜਾਣੋ ਨਵੇਂ ਫ਼ੈਸਲੇ

ਚੰਡੀਗੜ੍ਹ: ਸੜਕ ਹਾਦਸਿਆਂ ‘ਤੇ ਠੱਲ੍ਹ ਪਾਉਣ ਅਤੇ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਨੇ ਮੋਟਰ ਵਹੀਕਲ ਐਕਟ, 1988 ਅਧੀਨ ਕਈ ਅਹਿਮ ਅਤੇ ਸਖ਼ਤ ਕਦਮ ਚੁੱਕੇ ਹਨ। ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਮਕਸਦ ਸੜਕਾਂ ‘ਤੇ ਅਨੁਸ਼ਾਸਨ ਕਾਇਮ ਕਰਨਾ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਹੈ।

1. ਗਲਤ ਈ-ਚਲਾਨ ਲਈ 45 ਦਿਨਾਂ ‘ਚ ਕਰੋ ਸ਼ਿਕਾਇਤ

ਜੇਕਰ ਕਿਸੇ ਵਾਹਨ ਚਾਲਕ ਦਾ ਗਲਤ ਈ-ਚਲਾਨ ਕੱਟਿਆ ਜਾਂਦਾ ਹੈ, ਤਾਂ ਉਸ ਲਈ ਹੁਣ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਸੈੱਲ’ (DRC) ਬਣਾਇਆ ਗਿਆ ਹੈ।

  • ਸਮਾਂ ਸੀਮਾ: ਨਾਗਰਿਕ 45 ਦਿਨਾਂ ਦੇ ਅੰਦਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
  • ਲੋੜੀਂਦੇ ਸਬੂਤ: ਡੈਸ਼ਕੈਮ ਵੀਡੀਓ, ਫੋਟੋਆਂ ਜਾਂ ਗਵਾਹਾਂ ਦੇ ਬਿਆਨ ਪੇਸ਼ ਕਰਕੇ ਚਲਾਨ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।

2. ਵਾਹਨ ਰਿਕਾਰਡ ਅਪਡੇਟ ਨਾ ਕਰਨ ‘ਤੇ ਲੱਗੇਗਾ ਜੁਰਮਾਨਾ

ਗੱਡੀ ਨਾਲ ਜੁੜੀ ਜਾਣਕਾਰੀ ਸਮੇਂ ਸਿਰ ਅਪਡੇਟ ਕਰਨਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ:

  • ਪਤਾ ਬਦਲਣ ‘ਤੇ: 30 ਦਿਨਾਂ ਦੇ ਅੰਦਰ ਸੂਚਨਾ ਦੇਣੀ ਪਵੇਗੀ।
  • ਪੰਜਾਬ ਅੰਦਰ ਮਲਕੀਅਤ ਬਦਲਣ ‘ਤੇ: 14 ਦਿਨਾਂ ਦੇ ਅੰਦਰ ਰਿਕਾਰਡ ਅਪਡੇਟ ਕਰਵਾਉਣਾ ਹੋਵੇਗਾ।
  • ਪੰਜਾਬ ਤੋਂ ਬਾਹਰ ਮਲਕੀਅਤ ਬਦਲਣ ‘ਤੇ: 45 ਦਿਨਾਂ ਦਾ ਸਮਾਂ ਮਿਲੇਗਾ।
  • ਜੁਰਮਾਨਾ: ਨਿਯਮ ਉਲੰਘਣ ‘ਤੇ ਪਹਿਲੀ ਵਾਰ ₹500 ਅਤੇ ਦੂਜੀ ਵਾਰ ₹1,500 ਤੱਕ ਦਾ ਜੁਰਮਾਨਾ ਹੋ ਸਕਦਾ ਹੈ।

3. ਖਤਰਨਾਕ ਡਰਾਈਵਿੰਗ ‘ਤੇ ਹੁਣ ਸਿੱਧੀ ਕੋਰਟ ਕਾਰਵਾਈ

ਖਤਰਨਾਕ ਡਰਾਈਵਿੰਗ ਨੂੰ ਹੁਣ ਗੈਰ-ਕੰਪਾਊਂਡੇਬਲ’ (ਜਿਸ ਦਾ ਮੌਕੇ ‘ਤੇ ਸਮਝੌਤਾ ਜਾਂ ਜੁਰਮਾਨਾ ਨਹੀਂ ਹੋ ਸਕਦਾ) ਅਪਰਾਧ ਘੋਸ਼ਿਤ ਕੀਤਾ ਗਿਆ ਹੈ। ਧਾਰਾ 184 ਤਹਿਤ ਹੇਠ ਲਿਖੀਆਂ ਗਲਤੀਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ:

  • ਲਾਲ ਬੱਤੀ (Red Light) ਤੋੜਨਾ
  • ਸਟਾਪ ਸਾਈਨ (Stop Sign) ਦੀ ਅਣਦੇਖੀ ਕਰਨਾ
  • ਗਲਤ ਦਿਸ਼ਾ (Wrong Side) ਵਿੱਚ ਗੱਡੀ ਚਲਾਉਣਾ
  • ਸ਼ਰਾਬ ਜਾਂ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਰਨਾ

4. ਨਾਬਾਲਗਾਂ ਵੱਲੋਂ ਡਰਾਈਵਿੰਗ: ਮਾਪੇ ਹੋਣਗੇ ਜ਼ਿੰਮੇਵਾਰ

ਨਾਬਾਲਗਾਂ (18 ਸਾਲ ਤੋਂ ਘੱਟ ਉਮਰ) ਵੱਲੋਂ ਵਾਹਨ ਚਲਾਉਣ ‘ਤੇ ਸਰਕਾਰ ਨੇ ਜ਼ੀਰੋ-ਟੋਲਰੈਂਸ ਨੀਤੀ ਅਪਣਾਈ ਹੈ। ਅਜਿਹੇ ਮਾਮਲਿਆਂ ਵਿੱਚ ਮਾਪਿਆਂ ਜਾਂ ਗੱਡੀ ਦੇ ਮਾਲਕ ‘ਤੇ ਕਾਰਵਾਈ ਕੀਤੀ ਜਾਵੇਗੀ, ਜਿਸ ਅਧੀਨ:

  • ਭਾਰੀ ਜੁਰਮਾਨਾ ਲਗਾਇਆ ਜਾਵੇਗਾ।
  • ਵਾਹਨ ਦੀ ਰਜਿਸਟ੍ਰੇਸ਼ਨ (RC) ਰੱਦ ਕੀਤੀ ਜਾ ਸਕਦੀ ਹੈ।
  • ਗੱਡੀ ਚਲਾਉਣ ਵਾਲੇ ਨਾਬਾਲਗ ਨੂੰ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ।

ਸਰਕਾਰ ਦੀ ਅਪੀਲ:

ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ।