ਨਵੀਂ ਦਿੱਲੀ: ਭਾਰਤੀ ਰੇਲਵੇ ਦੇ ਆਧੁਨਿਕੀਕਰਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਵਾਰਾਣਸੀ ਅਤੇ ਨਵੀਂ ਦਿੱਲੀ ਵਿਚਾਲੇ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਦੀ ਸ਼ੁਰੂਆਤ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਇਸ ਨਵੀਂ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਇਸ ਦਿਨ ਨੂੰ ‘ਇਤਿਹਾਸਕ ਦਿਨ’ ਕਰਾਰ ਦਿੱਤਾ। ਇਸ ਨਵੀਂ ਟ੍ਰੇਨ ਨਾਲ ਦੇਸ਼ ਦੀ ਰਾਜਧਾਨੀ ਅਤੇ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਵਾਲੇ ਸ਼ਹਿਰ ਵਾਰਾਣਸੀ ਵਿਚਾਲੇ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ।
ਇਨ੍ਹਾਂ ਪੰਜ ਸਟੇਸ਼ਨਾਂ ‘ਤੇ ਹੋਵੇਗਾ ਠਹਿਰਾਅ
ਵੰਦੇ ਭਾਰਤ ਸਲੀਪਰ ਟ੍ਰੇਨ ਆਪਣੇ ਸਫ਼ਰ ਦੌਰਾਨ ਵਾਰਾਣਸੀ ਤੋਂ ਚੱਲ ਕੇ ਪ੍ਰਯਾਗਰਾਜ, ਕਾਨਪੁਰ ਸੈਂਟਰਲ, ਅਲੀਗੜ੍ਹ ਅਤੇ ਗਾਜ਼ੀਆਬਾਦ ਵਿਖੇ ਰੁਕੇਗੀ। ਇਸ ਤੋਂ ਬਾਅਦ ਇਹ ਨਵੀਂ ਦਿੱਲੀ ਪਹੁੰਚੇਗੀ। ਇਨ੍ਹਾਂ ਸਟੇਸ਼ਨਾਂ ਰਾਹੀਂ ਕਈ ਵੱਡੇ ਸ਼ਹਿਰਾਂ ਅਤੇ ਨੇੜਲੇ ਇਲਾਕਿਆਂ ਦੇ ਯਾਤਰੀਆਂ ਨੂੰ ਆਧੁਨਿਕ ਰੇਲ ਸਹੂਲਤ ਦਾ ਲਾਭ ਮਿਲੇਗਾ।
ਜਾਣੋ ਟ੍ਰੇਨ ਦੀ ਸਮਾਂ-ਸਾਰਣੀ
ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਵਾਰਾਣਸੀ ਤੋਂ ਇਹ ਟ੍ਰੇਨ ਰਾਤ 8:50 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 6:10 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ਦੌਰਾਨ ਨਵੀਂ ਦਿੱਲੀ ਤੋਂ ਰਾਤ 9:40 ਵਜੇ ਚੱਲ ਕੇ ਅਗਲੀ ਸਵੇਰ 7:10 ਵਜੇ ਵਾਰਾਣਸੀ ਪਹੁੰਚੇਗੀ।
ਸ਼ਿਵ ਗੰਗਾ ਐਕਸਪ੍ਰੈੱਸ ਨਾਲੋਂ ਘੱਟ ਲੱਗੇਗਾ ਸਮਾਂ
ਨਵੀਂ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਰਾਹੀਂ ਯਾਤਰੀਆਂ ਦੇ ਸਫ਼ਰ ਦਾ ਸਮਾਂ ਵੀ ਘਟੇਗਾ। ਰੇਲਵੇ ਮੰਤਰਾਲੇ ਮੁਤਾਬਕ, ਮੌਜੂਦਾ ਸ਼ਿਵ ਗੰਗਾ ਐਕਸਪ੍ਰੈੱਸ ਦੇ ਮੁਕਾਬਲੇ ਵਾਰਾਣਸੀ ਤੋਂ ਦਿੱਲੀ ਦੇ ਸਫ਼ਰ ਵਿੱਚ 55 ਮਿੰਟ ਅਤੇ ਦਿੱਲੀ ਤੋਂ ਵਾਰਾਣਸੀ ਦੇ ਸਫ਼ਰ ਵਿੱਚ 35 ਮਿੰਟ ਦੀ ਬਚਤ ਹੋਵੇਗੀ।
ਇਸ ਨਵੀਂ ਸਲੀਪਰ ਟ੍ਰੇਨ ਦੇ ਸ਼ੁਰੂ ਹੋਣ ਨਾਲ ਰਾਤ ਦੇ ਸਮੇਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਤੇਜ਼ ਅਤੇ ਆਧੁਨਿਕ ਰੇਲ ਯਾਤਰਾ ਦਾ ਇੱਕ ਹੋਰ ਵਿਕਲਪ ਮਿਲੇਗਾ।
