ਸੁਪਨਿਆਂ ਦੀ ਉਡਾਣ ਦਾ ਦਰਦਨਾਕ ਅੰਤ; ਜਾਣੋ ਕੌਣ ਸਨ ਹੋਣਹਾਰ ਪਾਇਲਟ ਸ਼ਾਂਭਵੀ ਪਾਠਕ

ਬਾਰਾਮਤੀ : ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਹੋਏ ਜਹਾਜ਼ ਹਾਦਸੇ ਨੇ ਨਾ ਸਿਰਫ਼ ਇੱਕ ਵੱਡਾ ਸਿਆਸੀ ਆਗੂ ਖੋਹਿਆ ਹੈ, ਸਗੋਂ ਹਵਾਬਾਜ਼ੀ ਜਗਤ ਦੇ ਦੋ ਬੇਹੱਦ ਕਾਬਲ ਪਾਇਲਟਾਂ ਦੀ ਜ਼ਿੰਦਗੀ ਵੀ ਨਿਗਲ ਲਈ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਨੌਜਵਾਨ ਮਹਿਲਾ ਪਾਇਲਟ ਸ਼ਾਂਭਵੀ ਪਾਠਕ ਅਤੇ ਬੇਹੱਦ ਤਜ਼ਰਬੇਕਾਰ ਕੈਪਟਨ ਸੁਮਿਤ ਕਪੂਰ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ।

ਕੈਪਟਨ ਸ਼ਾਂਭਵੀ ਪਾਠਕ: ਫ਼ੌਜੀ ਦੀ ਧੀ, ਜਿਸ ਨੇ ਅਸਮਾਨ ਨੂੰ ਛੂਹਣ ਦਾ ਸੁਪਨਾ ਦੇਖਿਆ
ਕੈਪਟਨ ਸ਼ਾਂਭਵੀ ਪਾਠਕ ਉਨ੍ਹਾਂ ਨੌਜਵਾਨ ਮਹਿਲਾ ਪਾਇਲਟਾਂ ਵਿੱਚੋਂ ਇੱਕ ਸੀ, ਜੋ ਕਾਰਪੋਰੇਟ ਐਵੀਏਸ਼ਨ ਵਿੱਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਹੀ ਸੀ। ਇੱਕ ਫ਼ੌਜੀ ਅਫ਼ਸਰ ਦੀ ਧੀ ਸ਼ਾਂਭਵੀ ਨੇ ਗਵਾਲੀਅਰ ਦੇ ਏਅਰ ਫੋਰਸ ਸਕੂਲ ਤੋਂ ਪੜ੍ਹਾਈ ਕੀਤੀ। ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਐਰੋਨਾਟਿਕਸ ਦੀ ਪੜ੍ਹਾਈ ਕੀਤੀ ਅਤੇ ਫਿਰ ਨਿਊਜ਼ੀਲੈਂਡ ਤੋਂ ਕਮਰਸ਼ੀਅਲ ਪਾਇਲਟ ਦੀ ਸਿਖਲਾਈ ਲਈ, ਸ਼ਾਂਭਵੀ ਪਾਠਕ ਕੋਲ ਕਮਰਸ਼ੀਅਲ ਪਾਇਲਟ ਲਾਇਸੈਂਸ (CPL) ਦੇ ਨਾਲ-ਨਾਲ ‘ਫਲਾਈਟ ਇੰਸਟ੍ਰਕਟਰ ਰੇਟਿੰਗ’ ਵੀ ਸੀ

ਕਰੀਅਰ ਦਾ ਸਫ਼ਰ: ਉਨ੍ਹਾਂ ਨੇ ਮੱਧ ਪ੍ਰਦੇਸ਼ ਫਲਾਇੰਗ ਕਲੱਬ ਤੋਂ ਸ਼ੁਰੂਆਤ ਕੀਤੀ ਅਤੇ ਅਗਸਤ 2022 ਤੋਂ ਉਹ VSR ਐਵੀਏਸ਼ਨ ਨਾਲ ਜੁੜ ਕੇ ‘Learjet’ ਵਰਗੇ ਆਧੁਨਿਕ ਜੈੱਟ ਉਡਾ ਰਹੀ ਸੀ। ਹਵਾਬਾਜ਼ੀ ਮਾਹਿਰਾਂ ਮੁਤਾਬਕ ਉਹ ਤਕਨੀਕੀ ਤੌਰ ‘ਤੇ ਬਹੁਤ ਮਜ਼ਬੂਤ ਸੀ।

ਕੈਪਟਨ ਸੁਮਿਤ ਕਪੂਰ: 16,000 ਘੰਟਿਆਂ ਦਾ ਉਡਾਣ ਤਜ਼ਰਬਾ
ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਮੁੱਖ ਪਾਇਲਟ ਕੈਪਟਨ ਸੁਮਿਤ ਕਪੂਰ ਹਵਾਬਾਜ਼ੀ ਉਦਯੋਗ ਦੇ ਦਿੱਗਜ ਸਨ।

ਉਨ੍ਹਾਂ ਕੋਲ 16,000 ਘੰਟਿਆਂ ਤੋਂ ਵੱਧ ਉਡਾਣ ਭਰਨ ਦਾ ਤਜ਼ਰਬਾ ਸੀ, ਪਟਨ ਸੁਮਿਤ ਨੇ ਸਹਾਰਾ, ਜੈੱਟਲਾਈਨ ਅਤੇ ਜੈੱਟ ਏਅਰਵੇਜ਼ ਵਰਗੀਆਂ ਨਾਮੀ ਕੰਪਨੀਆਂ ਵਿੱਚ ਸੇਵਾਵਾਂ ਦਿੱਤੀਆਂ ਸਨ। ਉਹ ਪੂਰੇ ਫਲਾਈਟ ਕਰੂ ਦੀ ਜ਼ਿੰਮੇਵਾਰੀ ਸੰਭਾਲਣ ਵਿੱਚ ਮਾਹਿਰ ਸਨ

“ਜਹਾਜ਼ ਬਿਲਕੁਲ ਫਿੱਟ ਸੀ” – VSR ਐਵੀਏਸ਼ਨ
VSR ਐਵੀਏਸ਼ਨ ਦੇ ਸੀਨੀਅਰ ਅਧਿਕਾਰੀ VK ਸਿੰਘ ਨੇ ਦੱਸਿਆ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਨਹੀਂ ਸੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ: “ਕੈਪਟਨ ਸੁਮਿਤ ਮੇਰੇ ਕਰੀਬੀ ਦੋਸਤ ਸਨ ਅਤੇ ਸ਼ਾਂਭਵੀ ਮੇਰੇ ਬੱਚੇ ਵਰਗੀ ਸੀ। ਦੋਵੇਂ ਸ਼ਾਨਦਾਰ ਪਾਇਲਟ ਅਤੇ ਨੇਕ ਇਨਸਾਨ ਸਨ। ਇਹ ਸਾਡੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।”

ਉਨ੍ਹਾਂ ਮੁਤਾਬਕ, ਪਾਇਲਟ ਨੇ ਖ਼ਰਾਬ ਵਿਜ਼ੀਬਿਲਟੀ ਕਾਰਨ ਪਹਿਲਾਂ ‘Miss Aproach’ (ਲੈਂਡਿੰਗ ਛੱਡ ਕੇ ਵਾਪਸ ਉੱਡਣਾ) ਕੀਤੀ ਸੀ, ਪਰ ਦੂਜੀ ਕੋਸ਼ਿਸ਼ ਦੌਰਾਨ ਇਹ ਮੰਦਭਾਗਾ ਹਾਦਸਾ ਵਾਪਰ ਗਿਆ

Image Source : Twitter (X)

ਪਾਇਲਟ ਸ਼ਾਂਭਵੀ ਪਾਠਕ