ਤਿੰਨ ਸਾਲਾਂ ਵਿੱਚ ਸਾਡੀ ਸਰਕਾਰ ਨੇ 3225 ਟਰੈਵਲ ਏਜੰਟਾਂ ਖਿਲਾਫ ਦਰਜ ਕੀਤੇ ਕੇਸ : ਧਾਲੀਵਾਲ

ਚੰਡੀਗੜ੍ਹ : ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ USA ਤੋਂ ਡਿਪੋਰਟ ਹੋਏ ਪੰਜਾਬੀਆਂ ਦੀਆਂ ਸ਼ਿਕਾਇਤਾਂ ਉੱਤੇ 15 ਟਰੈਵਲ ਏਜੰਟਾਂ ਖਿਲਾਫ ਕੇਸ ਦਰਜ ਕੀਤੇ ਗਏ, ਜਿਨਾਂ ਵਿੱਚੋਂ ਤਿੰਨ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਵਿੱਚ ਵੀ ਪੁਲਿਸ ਉਹਨਾਂ ਦੇ ਦਫਤਰਾਂ ਤੇ ਘਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ‌। ਸ ਧਾਲੀਵਾਲ ਨੇ ਇਹਨਾਂ ਮਨੁੱਖੀ ਤਸਕਰੀ ਵਿੱਚ ਲੱਗੇ ਏਜੰਟਾਂ ਨੂੰ ਖਬਰਦਾਰ ਕਰਦੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਵਿੱਚ ਅਜਿਹਾ ਘਿਨੌਣਾ ਜੁਰਮ ਨਹੀਂ ਹੋਣ ਦੇਵੇਗੀ ਅਤੇ ਜੋ ਵੀ ਇਹ ਗੈਰ ਕਾਨੂੰਨੀ ਕੰਮ ਕਰੇਗਾ ਉਸ ਨੂੰ ਇਸ ਦੀ ਸਜ਼ਾ ਭੁਗਤਣੀ ਪਵੇਗੀ।
ਉਹਨਾਂ ਨੇ ਅਮਰੀਕਾ ਤੋਂ ਵਾਪਸ ਆਏ ਪੰਜਾਬੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਿਕਾਇਤ ਦਰਜ ਕਰਾਉਣ ਤਾਂ ਜੋ ਅਜਿਹੇ ਲਾਲਚੀ ਅਤੇ ਧੋਖੇਬਾਜ ਇਨਸਾਨਾਂ ਉੱਤੇ ਕਾਰਵਾਈ ਕੀਤੀ ਜਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਲ 2022 ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤੋਂ ਲੈ ਕੇ ਹੁਣ ਤੱਕ 3225 ਟਰੈਵਲ ਏਜੰਟਾਂ ਉੱਤੇ ਪੁਲਿਸ ਕੇਸ, ਇਹਨਾਂ ਦੇ ਗੈਰ ਕਾਨੂੰਨੀ ਕੰਮਾਂ ਕਰਕੇ ਦਰਜ ਕੀਤੇ ਜਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਹੁਣ ਵੀ ਅਸੀਂ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ ਪਰ ਉਹਨਾਂ ਨੂੰ ਇਨਸਾਫ ਤਾਂ ਹੀ ਮਿਲ ਸਕਦਾ ਹੈ ਜੇਕਰ ਉਨਾਂ ਨੂੰ ਇਸ ਗੈਰ ਕਾਨੂੰਨੀ ਮਨੁੱਖੀ ਤਸਕਰੀ ਵਿੱਚ ਫਸਾਉਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਹੋਵੇ ਅਤੇ ਅੱਗੇ ਤੋਂ ਕੋਈ ਅਜਿਹਾ ਗੈਰ ਮਨੁੱਖੀ ਕੰਮ ਕਰਨ ਦੀ ਹਿੰਮਤ ਨਾ ਕਰੇ। ਉਹਨਾਂ ਕਿਹਾ ਕਿ ਮੇਰਾ ਵਿਭਾਗ ਇਹਨਾਂ ਨੌਜਵਾਨਾਂ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਬਸ਼ਰਤੇ ਕਿ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ

Tags :