ਲੁਧਿਆਣਾ: ਹਲਕਾ ਦਾਖਾ ਅਧੀਨ ਪੈਂਦੇ ਪਿੰਡ ਗੁੜ੍ਹੇ ਦੀ ਹੋਣਹਾਰ ਧੀ ਰਮਨਦੀਪ ਕੌਰ ਮਾਨ ਦੀ ਕੈਨੇਡਾ ਵਿੱਚ ਹੋਈ ਅਚਾਨਕ ਮੌਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਰਮਨਦੀਪ ਕੌਰ ਮਾਨ ਕੈਨੇਡਾ ਦੇ ਐਡਮਿੰਟਨ ਵਿਖੇ ਪੁਲਿਸ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ
ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਰਮਨਦੀਪ ਕੌਰ ਮਾਨ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਗਮ ਦਾ ਮਾਹੌਲ ਹੈ।
ਰਮਨਦੀਪ ਕੌਰ ਮਾਨ, ਸ. ਹਰਮੀਤ ਸਿੰਘ ਦੀ ਪੁੱਤਰੀ ਸੀ। ਉਹ ਆਪਣੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਈ ਸੀ ਅਤੇ ਉੱਥੇ ਪੁਲਿਸ ਵਿਭਾਗ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਸੀ
ਇਸ ਮੰਦਭਾਗੀ ਘਟਨਾ ’ਤੇ ਇਲਾਕੇ ਦੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਇੱਕ ਹੋਣਹਾਰ ਧੀ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਪਰਿਵਾਰ ਅਤੇ ਪੂਰੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਲੋਕਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ
